ਬਿਜਲੀ ਸੰਕਟ ਨੂੰ ਲੈ ਕੇ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਹੀਆਂ ਵੱਡੀਆਂ ਗੱਲਾਂ

ਪੰਜਾਬ ਦੇ ਨਾਲ ਨਾਲ ਦੇਸ਼ ਦੇ ਹੋਰਨਾਂ ਵਿੱਚ ਚੱਲ ਰਹੇ ਬਿਜਲੀ ਸੰਕਟ ਨੂੰ ਲੈ ਕੇ ਨਵਜੋਤ ਸਿੱਧੂ ਨੇ ਟਵੀਟ ਕੀਤਾ ਹੈ। ਉਹਨਾਂ ਕਿਹਾ ਕਿ, “ਨਿੱਜੀ ਥਰਮਲ ਪਲਾਂਟ 30 ਦਿਨਾਂ ਦਾ ਕੋਲਾ ਭੰਡਾਰ ਨਾ ਰੱਖ ਕੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ ਤੇ ਘਰੇਲੂ ਖਪਤਕਾਰਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਇਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ।” ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, “ਹੁਣ ਸੋਲਰ ਪੀਪੀਏ ਤੇ ਰੂਫ-ਟਾਪ ਸੋਲਰ ਨੂੰ ਗਰਿੱਡ ਨਾਲ ਜੋੜਨ ਦਾ ਸਮਾਂ ਆ ਗਿਆ ਹੈ।”
ਦੱਸ ਦਈਏ ਕਿ ਬਿਜਲੀ ਸੰਕਟ ਹੇਠ ਸੂਬਿਆਂ ਨੇ ਕੇਂਦਰ ਸਰਕਾਰ ਅਤੇ ਊਰਜਾ ਮੰਤਰਾਲਾ ਤੋਂ ਗੁਹਾਰ ਲਾਈ ਹੈ ਕਿ ਕੋਲੇ ਦੀ ਸਪਲਾਈ ਆਮ ਕੀਤੀ ਜਾਵੇ ਨਹੀਂ ਤਾਂ ਉਹਨਾਂ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਪਿੱਛੋਂ ਕੇਂਦਰ ਨੇ ਕਿਹਾ ਕਿ, “ਕੋਲੇ ਦੀ ਕੌਮਾਂਤਰੀ ਕੀਮਤ ਵਿੱਚ ਵਾਧੇ ਕਾਰਨ ਇਸ ਦੀ ਕਮੀ ਹੋਈ ਹੈ, ਜਿਸ ਨਾਲ ਬਿਜਲੀ ਪਲਾਂਟ ਦੀ ਸਪਲਾਈ ਪ੍ਰਭਾਵਿਤ ਹੋਈ।
ਅਗਲੇ ਕੁਝ ਦਿਨਾਂ ਵਿੱਚ ਸਥਿਤੀ ਠੀਕ ਹੋ ਜਾਵੇਗੀ।” ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਕਿ ਰਾਸ਼ਟਰੀ ਰਾਜਧਾਨੀ ਬਿਜਲੀ ਸੰਕਟ ਦਾ ਸਾਹਮਣਾ ਕਰ ਸਕਦੀ ਹੈ। ਉਧਰ ਪੰਜਾਬ ਤੋਂ ਵੀ ਲੰਬੇ ਸਮੇਂ ਤੋਂ ਬਿਜਲੀ ਕਟੌਤੀ ਦੀਆਂ ਖਬਰਾਂ ਆ ਰਹੀਆਂ ਹਨ।
ਦੱਸ ਦਈਏ ਕਿ ਦੇਸ਼ ਵਿੱਚ ਇਸ ਸਾਲ ਕੋਲੇ ਦਾ ਹਾਲਾਂਕਿ ਰਿਕਾਰਡ ਉਤਪਾਦਨ ਹੋਇਆ ਹੈ ਪਰ ਵਧੇਰੇ ਮੀਂਹ ਪੈਣ ਕਾਰਨ ਕੋਲਾ ਖਾਨਾਂ ਤੋਂ ਬਿਜਲੀ ਉਤਪਾਦਨ ਇਕਾਈਆਂ ਤੱਕ ਈਂਧਨ ਦੀ ਆਵਾਜਾਈ ਤੇ ਖ਼ਾਸਾ ਪ੍ਰਭਾਵ ਪਿਆ ਹੈ। ਗੁਜਰਾਤ, ਪੰਜਾਬ, ਦਿੱਲੀ, ਹਰਿਆਣਾ ਅਤੇ ਤਾਮਿਲਨਾਡੂ ਸਮੇਤ ਕਈ ਸੂਬਿਆਂ ਵਿੱਚ ਬਿਜਲੀ ਉਤਪਾਦਨ ਤੇ ਇਸ ਦਾ ਪ੍ਰਭਾਵ ਪਿਆ ਹੈ।
