ਬਾਰਦਾਨੇ ਦੀ ਕਮੀ ਤੋਂ ਅੱਕੇ ਕਿਸਾਨਾਂ ਨੇ ਤਹਿਸੀਲਦਾਰ ਨੂੰ ਬਣਾਇਆ ਬੰਧਕ

ਕਣਕ ਦੀ ਖਰੀਦ ਪੂਰੇ ਪੰਜਾਬ ਵਿੱਚ 10 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਪਰ ਕਿਸਾਨਾਂ ਨੂੰ ਕਣਕ ਵੇਚਣ ਸਬੰਧੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਸੰਗਰੂਰ ਦੇ ਦਿੜਬਾ ਵਿੱਚ ਕਿਸਾਨਾਂ ਨੇ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਕਾਰਨ ਐਸਡੀਐਮ ਦਫ਼ਤਰ ਵਿੱਚ ਤਹਿਸੀਲਦਾਰ ਨੂੰ ਹੀ ਬੰਧਕ ਬਣਾ ਲਿਆ।

ਕਿਸਾਨ ਮੰਡੀਆਂ ਵਿੱਚ ਫਸਲ ਲੈ ਕੇ ਪਹੁੰਚੇ ਹੋਏ ਹਨ ਅਤੇ ਲਗਾਤਾਰ ਬਾਰਦਾਨੇ ਦੀ ਕਾਮੀ ਕਾਰਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਹਨ ਅਤੇ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਉਤੋਂ ਪੰਜਾਬ ਦੇ ਵਿਗੜੇ ਮੌਸਮ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਕਿਸਾਨਾਂ ਨੇ ਦਸਿਆ ਕਿ ਜਦੋਂ ਤਕ ਬਾਰਦਾਨਾ ਨਹੀਂ ਮਿਲਦਾ ਉਦੋਂ ਤੱਕ ਤਹਿਸੀਲਦਾਰ ਨੂੰ ਬੰਧਕ ਬਣਾ ਕੇ ਰੱਖਿਆ ਜਾਵੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀ ਬਿਲਕੁੱਲ ਵੀ ਸਾਰ ਨਹੀਂ ਲੈ ਰਹੀ। ਉਹਨਾਂ ਨੂੰ ਮੰਡੀਆਂ ਵਿੱਚ ਕਣਕ ਨੂੰ ਲੈ ਕੇ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ ਤੇ ਉਹਨਾਂ ਦੀ ਸੋਨੇ ਵਰਗੀ ਕਣਕ ਮੰਡੀਆਂ ਵਿੱਚ ਰੁਲ ਰਹੀ ਹੈ। ਉਧਰ ਤਹਿਸੀਲਦਾਰ ਦਾ ਕਹਿਣਾ ਹੈ ਕਿ ਉਹ ਬਾਰਦਾਨੇ ਦਾ ਪ੍ਰਬੰਧ ਕਰ ਰਹੇ ਹਨ ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।
