ਬਾਰਡਰਾਂ ‘ਤੇ ਡੱਟੇ ਕਿਸਾਨਾਂ ਨੂੰ ਗੁਰਪ੍ਰੀਤ ਘੁੱਗੀ ਨੇ ਕੀਤੀ ਅਪੀਲ

ਕਿਸਾਨੀ ਅੰਦੋਲਨ ਦੀ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਚਰਚਾ ਹੋ ਰਹੀ ਹੈ ਪਰ ਉੱਥੇ ਹੀ ਕੁੱਝ ਮੀਡੀਆ ਚੈਨਲ ਕਿਸਾਨੀ ਅੰਦੋਲਨ ‘ਤੇ ਵੱਡੇ ਇਲਜ਼ਾਮ ਲਾ ਰਹੇ ਹਨ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਅੰਦੋਲਨ ਕਿਸਾਨਾਂ ਦਾ ਨਹੀਂ ਸਗੋਂ ਖਾਲਿਸਤਾਨੀਆਂ ਦਾ ਹੈ।

ਇਸੇ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਸੋਸ਼ਲ ਮੀਡੀਆ ’ਤੇ ਕਿਸਾਨਾਂ ਨੂੰ ਜਾਗਰੂਕ ਕਰਦੇ ਨਜ਼ਰ ਆਏ। ਗੁਰਪ੍ਰੀਤ ਘੁੱਗੀ ਨੇ ਹਾਲ ਹੀ ’ਚ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ਕਿਸਾਨਾਂ ਨੂੰ ਫੇਕ ਮੀਡੀਆ ਤੋਂ ਬਚਣ ਦੀ ਸਲਾਹ ਦੇ ਰਹੇ ਹਨ।
ਦੱਸ ਦੇਈਏ ਕਿ ਗੁਰਪ੍ਰੀਤ ਘੁੱਗੀ ਦੀ ਇਹ ਵੀਡੀਓ ਪੰਜਾਬੀ ਕਲਾਕਾਰਾਂ ਵੱਲੋਂ ਵੀ ਸਾਂਝੀ ਕੀਤੀ ਜਾ ਰਹੀ ਹੈ। ਉਥੇ ਪੰਜਾਬੀ ਕਲਾਕਾਰ ਕੁਮੈਂਟ ਕਰਕੇ ਗੁਰਪ੍ਰੀਤ ਘੁੱਗੀ ਦੀ ਹਾਂ ’ਚ ਹਾਂ ਮਿਲਾ ਰਹੇ ਹਨ। ਇੰਨਾਂ ਹੀ ਨਹੀਂ ਕਲਾਕਾਰ ਮਹਿਜ਼ ਸੋਸ਼ਲ ਮੀਡੀਆ ‘ਤੇ ਹੀ ਨਹੀਂ ਸਗੋਂ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਵੀ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਗੱਲ ਵੀ ਆਖੀ ਜਾ ਰਹੀ ਹੈ।
ਦਸ ਦਈਏ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਨਰਮ ਹੁੰਦੀ ਵਿਖਾਈ ਦੇ ਰਹੀ ਹੈ। ਇਸੇ ਦਰਮਿਆਨ ਸੋਮਵਾਰ ਨੂੰ ਕਿਸਾਨਾਂ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਦਾ ਸੱਦਾ ਦਿੱਤਾ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਇਕ ਜਾਂ ਦੋ ਦਿਨਾਂ ਵਿੱਚ ਅੰਦੋਲਨਕਾਰੀ ਕਿਸਾਨ ਜੱਥੇਬੰਦੀਆਂ ਨਾਲ ਮੁਲਕਾਤਾ ਕਰਨਗੇ।
ਸਰਕਾਰ ਗੱਲਬਾਤ ਕਰਨ ਲਈ ਦਰਵਾਜ਼ੇ ਖੁੱਲ੍ਹੇ ਰੱਖਣ ਤੋਂ ਇਲਾਵਾ ਸੁਪਰੀਮ ਕੋਰਟ ਮੁਤਾਬਕ ਕਮੇਟੀ ਗਠਿਤ ਕਰਨ ਦੀ ਵੀ ਤਿਆਰੀ ਕਰ ਰਹੀ ਹੈ। ਕਮੇਟੀ ਲਈ ਮੈਂਬਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੇਰੀ ਸਿਰਫ ਇਸ ਲਈ ਹੋ ਰਹੀ ਹੈ ਕਿਉਂ ਕਿ ਪਿਛਲੀ ਸੁਣਵਾਈ ਵਿੱਚ ਕੋਈ ਵੀ ਕਿਸਾਨ ਜੱਥੇਬੰਦੀਆਂ ਵੱਲੋਂ ਨਹੀਂ ਆਇਆ ਸੀ।
ਜੱਥੇਬੰਦੀਆਂ ਨੇ ਕਮੇਟੀ ਮੈਂਬਰਾਂ ਲਈ ਨਾਂ ਨਹੀਂ ਦਿੱਤੇ ਹਨ। ਉੱਥੇ ਹੀ ਬੰਗਾਲ ਵਿੱਚ ਇਕ ਪ੍ਰੈਸ ਕਾਨਫਰੰਸ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਨੂੰ ਸਮਾਂ ਨਹੀਂ ਪਤਾ ਪਰ ਤੋਮਰ ਕੱਲ੍ਹ ਜਾਂ ਪਰਸੋਂ ਕਿਸਾਨ ਨੁਮਾਇੰਦਿਆਂ ਨਾਲ ਉਹਨਾਂ ਦੀਆਂ ਮੰਗਾਂ ਬਾਰੇ ਵਿਚਾਰ-ਵਟਾਂਦਰੇ ਕਰਨਗੇ।
