ਬਾਬਾ ਰਾਮਦੇਵ ਦਾ ਹੋਇਆ ਜ਼ਬਰਦਸਤ ਵਿਰੋਧ, ਕਿਸਾਨਾਂ ਨੇ ਦਿਖਾਏ ਕਾਲੇ ਝੰਡੇ

ਸੋਮਵਾਰ ਨੂੰ ਭਿਵਾਨੀ ਪਹੁੰਚਣ ’ਤੇ ਬਾਬਾ ਰਾਮਦੇਵ ਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਕਿਸਾਨ ਜੱਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ। ਰਾਮਦੇਵ ਦੇ ਵਿਵਾਦਤ ਬਿਆਨ ਨੂੰ ਲੈ ਕੇ ਵਿਰੋਧ ਕਰ ਰਹੇ ਇਹਨਾਂ ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਉਹਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਲੋਕਾਂ ਨੇ ਰਾਮਦੇਵ ਨੂੰ ਕਾਲੇ ਝੰਡੇ ਵੀ ਦਿਖਾਏ। ਦੱਸ ਦਈਏ ਕਿ ਰਾਮਦੇਵ ਇੱਥੇ ਇਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਆਏ ਸਨ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਹਰਿਆਣਾ ਦੇ ਸੂਬਾ ਪ੍ਰਧਾਨ ਡਾ. ਕਰਨ ਪੁਨਿਆ ਨੇ ਕਿਹਾ ਕਿ ਬਾਬਾ ਰਾਮਦੇਵ ਨੇ ਸਿਹਤ ਸੇਵਾਵਾਂ ਦੇਣ ਵਾਲੇ ਲੋਕਾਂ ਖਿਲਾਫ਼ ਅਨਗਰਲ ਟਿੱਪਣੀਆਂ ਕੀਤੀਆਂ ਹਨ। ਉਹਨਾਂ ਮੰਗ ਕੀਤੀ ਕਿ ਬਾਬਾ ਰਾਮਦੇਵ ਤੇ ਦੇਸ਼ਧ੍ਰੋਹ ਦਾ ਮਾਮਲਾ ਚਲਾਇਆ ਜਾਵੇ। ਉਹ ਡਾਕਟਰਾਂ ਖਿਲਾਫ਼ ਗਲਤ ਬਿਆਨਬਾਜ਼ੀ ਕਰ ਕੇ ਐਲੋਪੈਥੀ ਨੂੰ ਗਲਤ ਠਹਿਰਾ ਰਹੇ ਹਨ। ਡਾ. ਕਰਨ ਪੁਨਿਆ ਦਾ ਕਹਿਣਾ ਹੈ ਕਿ ਰਾਮਦੇਵ ਅਪਣੇ ਸਮਾਨ ਦਾ ਪ੍ਰਚਾਰ ਕਰਨ ਲਈ ਇਹ ਸਭ ਕਰ ਰਹੇ ਹਨ।
ਦੱਸ ਦਈਏ ਕਿ ਬਾਬਾ ਰਾਮਦੇਵ ਨੇ ਕੁਝ ਦਿਨ ਪਹਿਲਾਂ ਐਲੋਪੈਥੀ ’ਤੇ ਬਿਆਨ ਦੇ ਕੇ ਪੂਰੇ ਦੇਸ਼ ਵਿੱਚ ਬਵਾਲ ਖੜ੍ਹਾ ਕਰ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਐਲੋਪੈਥੀ ਮੁਰਖਤਾਪੂਰਨ ਗਿਆਨ ਹੈ। ਐਲੋਪੈਥੀ ਦਵਾਈਆਂ ਖਾਣ ਕਾਰਨ ਲੱਖਾਂ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਐਲੋਪੈਥੀ ’ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ, ਝਾਰਖੰਡ ਨੇ ਰਾਮਦੇਵ ਨੂੰ ਲੀਗਲ ਨੋਟਿਸ ਭੇਜਿਆ ਸੀ। ਉਹਨਾਂ ਨੂੰ ਮੁਆਫ਼ੀ ਮੰਗਣ ਲਈ ਵੀ ਕਿਹਾ ਗਿਆ ਸੀ।
