ਬਸੰਤ ਪੰਚਮੀ ਮੌਕੇ ਜੇ ਕੀਤਾ ਇਹ ਕੰਮ ਤਾਂ ਇਹ ਧਾਰਾ ਤਹਿਤ ਹੋਵੇਗਾ ਮੁਕੱਦਮਾ ਦਰਜ!

26 ਜਨਵਰੀ ਨੂੰ ਪੰਜਾਬ ਵਿੱਚ ਬਸੰਤ ਪੰਚਮੀ ਮਨਾਈ ਜਾਵੇਗੀ। ਇਸ ਮੌਕੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਡੀਜੇ ਲਾਉਣਾ ਮਹਿੰਗਾ ਪਵੇਗਾ। ਇਹ ਡੀਜੇ ਜੇਲ੍ਹ ਯਾਤਰਾ ਵੀ ਕਰਵਾ ਸਕਦਾ ਹੈ। ਖੰਨਾ ਪੁਲਿਸ ਨੇ ਇਹ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪਤੰਗਬਾਜ਼ੀ ਲਈ ਕਿਰਾਏ ਤੇ ਡੀਜੇ ਦੇਣ ਵਾਲੇ ਮਾਲਕਾਂ ਖਿਲਾਫ ਵੀ ਕੇਸ ਦਰਜ ਹੋਵੇਗਾ।
ਗੌਰਤਲਬ ਹੈ ਕਿ ਚਾਈਨਾ ਡੋਰ ਦੀ ਵਰਤੋਂ ਉਪਰ ਪੂਰਨ ਤੌਰ ‘ਤੇ ਪਾਬੰਦੀ ਲਗਾਉਣ ਲਈ ਪੁਲਿਸ ਸਖ਼ਤ ਰੁੱਖ ਅਪਣਾ ਰਹੀ ਹੈ। ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਅਧੀਨ ਕੇਸ ਵੀ ਦਰਜ ਕੀਤੇ ਜਾ ਰਹੇ ਹਨ। ਇਸ ਲਈ ਸਮਰਾਲਾ ਵਿੱਚ ਹੁਣ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਦੀ ਖੈਰ ਨਹੀਂ ਹੈ। ਪੰਜਾਬ ਪੁਲਿਸ ਡਰੋਨ ਰਾਹੀਂ ਨਜ਼ਰ ਰੱਖੇਗੀ।
ਇਸ ਦੇ ਨਾਲ ਹੀ ਇਰਾਦਾ ਕਤਲ ਦੀ ਧਾਰਾ 307 ਅਧੀਨ ਮੁਕੱਦਮੇ ਕੀਤੇ ਜਾਣਗੇ। ਪੁਲਿਸ ਪ੍ਰਸ਼ਾਸਨ ਨੇ ਚਾਈਨਾ ਡੋਰ ਨੂੰ ਲੈ ਕੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਜੇ ਕੋਈ ਡੋਰ ਵੇਚਦਾ ਜਾਂ ਖਰੀਦਦਾ ਫੜਿਆ ਗਿਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।