ਬਲਬੀਰ ਰਾਜੇਵਾਲ ਨੂੰ ਨਹੀਂ ਮਿਲਿਆ ਚੋਣ ਨਿਸ਼ਾਨ, ਚੋਣ ਕਮਿਸ਼ਨ ’ਤੇ ਰਾਜੇਵਾਲ ਨੇ ਚੁੱਕਿਆ ਵੱਡਾ ਸਵਾਲ

ਪੰਜਾਬ ਵਿਧਾਨ ਸਭਾ ਚੋਣਾਂ ਦੇ ਅਖਾੜੇ ਵਿੱਚ ਇਸ ਵਾਰ ਕਿਸਾਨ ਵੀ ਉੱਤਰੇ ਹਨ। ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਭਾਰਤ ਦੇ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ ਤੇ ਵੱਡਾ ਸਵਾਲ ਚੁੱਕਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਵਿੱਚ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ।

ਉਹਨਾਂ ਚੋਣ ਕਮਿਸ਼ਨ ਦੀ ਨਿਰਪੱਖਤਾ ਤੇ ਵੀ ਸਵਾਲ ਖੜ੍ਹੇ ਕਰਦਿਆਂ ਇਲਜ਼ਾਮ ਲਾਏ ਕਿ ਉਹਨਾਂ ਵੱਲੋਂ ਵਾਰ-ਵਾਰ ਚੋਣ ਕਮਿਸ਼ਨ ਦਫ਼ਤਰ ਜਾ ਕੇ ਚੋਣ ਨਿਸ਼ਾਨ ਅਲਾਟ ਕਰਨ ਬਾਰੇ ਲਿਖਤੀ ਤੌਰ ਤੇ ਕਿਹਾ ਜਾ ਰਿਹਾ ਹੈ ਅਤੇ ਜਿਹੜਾ ਚੋਣ ਨਿਸ਼ਾਨ ਉਹਨਾਂ ਨੂੰ ਚਾਹੀਦਾ ਹੈ, ਉਸ ਬਾਰੇ ਵੀ ਲਿਖ ਕੇ ਦਿੱਤਾ ਜਾ ਚੁੱਕਿਆ ਹੈ ਪਰ ਕੁੱਝ ਸਿਆਸੀ ਦਲ ਸਮਾਜ ਮੋਰਚੇ ਨੂੰ ਰੋਕਣ ਲਈ ਘਟੀਆ ਹੱਥਕੰਡੇ ਵਰਤ ਰਹੇ ਹਨ।
ਉਹਨਾਂ ਕਿਹਾ ਕਿ ਕਿਸਾਨ ਸਮਾਜ ਮੋਰਚਾ ਹਰ ਸਾਜਿਸ਼ ਦਾ ਡਟ ਕੇ ਮੁਕਾਬਲਾ ਕਰਦਾ ਹੋਇਆ ਪੰਜਾਬ ਦੇ ਚੋਣ ਪਿੜ ਵਿੱਚ ਜਿੱਤ ਕੇ ਸਾਹਮਣੇ ਆਵੇਗਾ। ਸ. ਰਾਜੇਵਾਲ ਨੇ ਕਿਹਾ ਕਿ ਉਹ 117 ਸੀਟਾਂ ਤੇ ਆਪਣੇ ਉਮੀਦਵਾਰ ਐਲਾਨ ਚੁੱਕੇ ਹਨ ਅਤੇ ਬਿਨਾਂ ਚੋਣ ਨਿਸ਼ਾਨ ਦੇ ਉਹਨਾਂ ਨੂੰ ਪ੍ਰਚਾਰ ਕਰਨ ਵਿੱਚ ਦਿੱਕਤਾਂ ਵੀ ਆ ਰਹੀਆਂ ਹਨ।
ਪਰ ਉਹ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਵੱਡੇ ਸਮਰਥਨ ਦੇ ਬਲਬੂਤੇ ਚੋਣਾਂ ਜਿੱਤ ਕੇ ਸਾਜ਼ਿਸ਼ਾਂ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਉਹਨਾਂ ਕਿਹਾ ਕਿ ਕੋਈ ਵੀ ਚੋਣ ਕਦੇ ਵੀ ਬਿਨਾਂ ਚੋਣ ਨਿਸ਼ਾਨ ਤੋਂ ਨਹੀਂ ਲੜੀ ਜਾਂਦੀ, ਇਸ ਲਈ ਸਿਧਾਂਤਕ ਅਤੇ ਕਾਨੂੰਨੀ ਤੌਰ ਤੇ ਚੋਣ ਕਮਿਸ਼ਨ ਨੂੰ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਅਲਾਟ ਕਰਨਾ ਹੀ ਪਵੇਗਾ।
ਦੱਸ ਦਈਏ ਕਿ ਬਲਬੀਰ ਰਾਜੇਵਾਲ ਦੀ ਸਿਆਸੀ ਪਾਰਟੀ ਵਿਚ 32 ਜਥੇਬੰਦੀਆਂ ਪੂਰੀਆਂ ਸ਼ਾਮਲ ਨਹੀਂ ਹਨ। ਇਸ ਸਿਆਸੀ ਪਾਰਟੀ ਦਾ ਮੁੱਖ ਚਿਹਰਾ ਬਲਬੀਰ ਸਿੰਘ ਰਾਜੇਵਾਲ ਹਨ। 27 ਤੋਂ 28 ਕਿਸਾਨ ਜਥੇਬੰਦੀਆਂ ਚੋਣਾਂ ਲੜਣ ਦੇ ਹੱਕ ਵਿਚ ਉਤਰੀਆਂ ਹਨ।
