ਬਦਲੇ ਮੌਸਮ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ, ਫ਼ਸਲ ਹੋਈ ਤਹਿਸ-ਨਹਿਸ

ਮੌਸਮ ਦਾ ਮਿਜਾਜ਼ ਬਦਲਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਬੇਮੌਸਮੀ ਮੀਂਹ ਨੇ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਵਧਾ ਦਿੱਤੀਆਂ ਹਨ। ਮੀਂਹ ਨਾਲ ਕਣਕ ਦੀ ਫ਼ਸਲ ਤਹਿਸ-ਨਹਿਸ ਹੋ ਗਈ ਹੈ। ਦਸ ਦਈਏ ਕਿ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਗੜ ਗਿਆ ਹੈ ਜਿਸ ਕਾਰਨ ਹਨੇਰੀ ਦੇ ਨਾਲ-ਨਾਲ ਮੀਂਹ ਵੀ ਪਿਆ ਹੈ।

ਪੰਜਾਬ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਧਰਨੇ ’ਤੇ ਬੈਠਾ ਹੈ, ਉੱਥੇ ਹੀ ਦੂਜੇ ਪਾਸੇ ਕੁਦਰਤ ਦੇ ਕਰੋਪ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ ਕਿਉਂ ਕਿ ਕਿਸਾਨਾਂ ਨੂੰ ਉਮੀਦ ਸੀ ਕਿ ਇਸ ਵਾਰ ਉਹਨਾਂ ਦੀ ਫ਼ਸਲ ਵਿਚੋਂ ਬਹੁਤ ਵਧੀਆ ਝਾੜ ਨਿਕਲੇਗਾ ਪਰ ਮੌਸਮ ਮਹਿਕਮੇ ਵੱਲੋਂ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਵਰਖਾ ਦੀ ਭਵਿੱਖਬਾਣੀ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਡੋਬ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਬੇਮੌਸਮੀ ਬਰਸਾਤ ਕਾਰਨ ਪੁੱਤਾਂ ਵਾਂਗ ਪਾਲੀ ਫ਼ਸਲ ਤਹਿਸ-ਨਹਿਸ ਹੋ ਗਈ ਹੈ ਤੇ ਤੇਜ਼ ਹਨੇਰੀ ਨਾਲ ਜਿਹੜੀ ਕਣਕ ਧਰਤੀ ’ਤੇ ਡਿੱਗ ਪਈ ਹੈ ਇਹ ਬਿਲਕੁੱਲ ਖਰਾਬ ਹੋ ਜਾਵੇਗੀ ਕਿਉਂ ਕਿ ਇਸ ਤੇ ਦੁਗਣੀ ਮਿਹਨਤ ਤੋਂ ਇਲਾਵਾ ਇਸ ਦਾ ਦਾਣਾ ਬਿਲਕੁੱਲ ਖਰਾਬ ਹੋ ਜਾਵੇਗਾ। ਨਾਭਾ ਵਿਖੇ ਤੇਜ਼ ਹਨੇਰੀ ਅਤੇ ਬਰਸਾਤ ਕਾਰਨ ਕਿਸਾਨ ਚਿੰਤਤ ਹਨ ਕਿ ਹੁਣ ਉਹ ਫ਼ਰਿਆਦ ਕਰਨ ਤੱਕ ਕਿਸ ਨੂੰ ਕਰਨ ਕਿਉਂ ਕਿ ਖੇਤਾਂ ਵਿੱਚ ਉਹਨਾਂ ਦੀ ਫ਼ਸਲ 50 ਫ਼ੀਸਦੀ ਤੋਂ ਉੱਪਰ ਖ਼ਰਾਬ ਹੋ ਚੁੱਕੀ ਹੈ ਕਿਉਂ ਕਿ ਹੁਣ ਉਹਨਾਂ ਦੀ ਫ਼ਸਲ ਪੱਕਣ ਦੇ ਕਿਨਾਰੇ ਸੀ।
