ਫੋਨ ’ਤੇ ਕੈਨੇਡਾ ਵਾਲਾ ਰਿਸ਼ਤੇਦਾਰ ਬਣ ਕੇ ਮਾਰੀ ਲੱਖਾਂ ਦੀ ਠੱਗੀ, ਪੀੜਤ ਨੇ ਸ਼ਿਕਾਇਤ ਕਰਵਾਈ ਦਰਜ

ਠੱਗਾਂ ਨੇ ਠੱਗੀ ਮਾਰਨ ਦਾ ਨਵਾਂ ਢੰਗ ਲੱਭਿਆ ਹੋਇਆ ਹੈ। ਇਸੇ ਠੱਗੀ ਦਾ ਸ਼ਿਕਾਰ ਇੱਕ ਹੋਰ ਵਿਅਕਤੀ ਹੋਇਆ ਹੈ। ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਝਬੇਲਵਾਲੀ ਦੇ ਇੱਕ ਵਿਅਕਤੀ ਨਾਲ ਫੋਨ ਤੇ ਗੱਲਬਾਤ ਕਰਕੇ ਅਤੇ ਖੁਦ ਨੂੰ ਰਿਸ਼ਤੇਦਾਰ ਦੱਸ ਕੇ ਸਾਢੇ 4 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਦੱਸਿਆ ਕਿ ਕੁਲਦੀਪ ਸਿੰਘ ਦਾ ਮੁੰਡਾ ਕੈਨੇਡਾ ਗਿਆ ਹੈ ਅਤੇ ਕੁਝ ਸਮਾਂ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਾ ਰਿਹਾ ਹੈ।
ਬੀਤੇ ਕੱਲ੍ਹ ਉਸ ਦੇ ਮੋਬਾਇਲ ਤੇ ਫੋਨ ਆਇਆ। ਵਟਸਐਪ ਰਾਹੀਂ ਆਏ ਇਸ ਫੋਨ ਤੇ ਅੱਗੋਂ ਬੋਲਣ ਵਾਲੇ ਨੇ ਖੁਦ ਨੂੰ ਉਸ ਦਾ ਕੈਨੇਡਾ ਰਹਿੰਦਾ ਰਿਸ਼ਤੇਦਾਰ ਦੱਸਿਆ ਅਤੇ ਉਸ ਨੇ ਕਿਹਾ ਕਿ ਕੁਲਦੀਪ ਆਪਣਾ ਖਾਤਾ ਨੰਬਰ ਦੇ ਦਿਓ ਉਹ ਉਹਨਾਂ ਨੂੰ ਕਰੀਬ ਪੰਜ ਲੱਖ ਰੁਪਏ ਪਾ ਰਿਹਾ ਹੈ। ਜੋ ਕਿ ਉਸ ਨੇ ਪੰਜਾਬ ਵਿੱਚ ਕਿਸੇ ਵਿਅਕਤੀ ਨੂੰ ਦੇਣੇ ਹਨ।
ਫੋਨ ਤੋਂ ਕੁਝ ਸਮੇਂ ਬਾਅਦ ਇੱਕ ਹੋਰ ਅਣਪਛਾਤੇ ਨੰਬਰ ਤੋਂ ਫੋਨ ਆਇਆ ਜਿਹਨਾਂ ਨੇ ਆਪਣੇ ਆਪ ਨੂੰ ਬੈਂਕ ਨਾਲ ਸਬੰਧਤ ਦੱਸਿਆ ਕਿ ਕਿਹਾ ਕਿ ਉਹਨਾਂ ਦੇ ਖਾਤੇ ਵਿੱਚ 5 ਲੱਖ ਰੁਪਏ ਟਰਾਂਸਫਰ ਹੋਏ ਹਨ ਜੋ ਕਿ 24 ਘੰਟੇ ਬਾਅਦ ਖਾਤੇ ਵਿੱਚ ਆ ਜਾਣਗੇ। ਕੁਲਦੀਪ ਸਿੰਘ ਅਤੇ ਉਸ ਦੇ ਪਰਿਵਾਰ ਵਾਲੇ ਠੱਗ ਦੀਆਂ ਗੱਲਾਂ ਵਿਚ ਆ ਗਏ ਅਤੇ ਉਨ੍ਹਾਂ ਨੇ ਉਸ ਵਲੋਂ ਦਿੱਤੇ ਇਕ ਖਾਤੇ ਵਿਚ ਸਾਢੇ ਚਾਰ ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ।
ਉਨ੍ਹਾਂ ਨੇ ਇਸ ਬਾਬਤ ਆਪਣੇ ਕੈਨੇਡਾ ਰਹਿ ਰਹੇ ਬੇਟੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਫੋਨ ’ਤੇ ਗੱਲ ਕਰ ਰਿਹਾ ਠੱਗ ਨੇ ਉਨ੍ਹਾਂ ਨੂੰ ਗੱਲਾਂ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਇਹ ਕਹਿੰਦਾ ਰਿਹਾ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਨ।
ਇਸ ਦੌਰਾਨ ਉਨ੍ਹਾਂ ਨੇ ਠੱਗ ਵਲੋਂ ਦੱਸੇ ਖਾਤੇ ਵਿਚ ਪੈਸੇ ਪੁਆ ਦਿੱਤੇ ਪਰ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਖਾਤੇ ਵਿਚ ਪੰਜ ਲੱਖ ਰੁਪਏ ਟਰਾਂਸਫ਼ਰ ਨਾ ਹੋਏ ਤਾਂ ਉਨ੍ਹਾਂ ਨੇ ਆਪਣੇ ਬੇਟੇ ਨਾਲ ਗੱਲਬਾਤ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਉਨ੍ਹਾਂ ਨਾਲ ਸਾਢੇ ਚਾਰ ਲੱਖ ਦੀ ਠੱਗੀ ਵੱਜੀ ਹੈ। ਪੀੜਤ ਵਿਅਕਤੀ ਨੇ ਮਾਮਲੇ ਵਿਚ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਬੈਂਕ ਨੂੰ ਵੀ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।