ਫ਼ੌਜੀ ਨੌਜਵਾਨ ਰਾਜੌਰੀ ਦੇ ਨੌਸ਼ਹਿਰਾ ‘ਚ ਸ਼ਹੀਦ, ਸਿੱਖ ਰੈਜੀਮੈਂਟ ‘ਚ ਨਿਭਾ ਰਿਹਾ ਸੀ ਸਿਪਾਹੀ ਦੀ ਡਿਊਟੀ

ਹੁਸ਼ਿਆਰਪੁਰ ਨਾਲ ਸਬੰਧਤ ਪਿੰਡ ਖੇੜਾ ਕੋਟਲੀ ਦਾ ਫ਼ੌਜੀ ਨੌਜਵਾਨ ਮਨਜੀਤ ਸਿੰਘ ਸਾਬੀ ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਮਨਜੀਤ ਸਿੰਘ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਗਸ਼ਤ ਦੌਰਾਨ ਬਾਰੂਦੀ ਸੁਰੰਗ ਧਮਾਕੇ ਵਿੱਚ ਸ਼ਹੀਦ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਪੁੱਤਰ ਰਾਮ ਕਿਸ਼ਨ ਜੰਮੂ-ਕਸ਼ਮੀਰ ਵਿੱਚ ਸਿੱਖ ਰੈਜੀਮੈਂਟ ਵਿੱਚ ਬਤੌਰ ਸਿਪਾਹੀ ਦੀ ਡਿਊਟੀ ਨਿਭਾ ਰਿਹਾ ਸੀ। ਮਨਜੀਤ ਸਿੰਘ ਦੀ ਮ੍ਰਿਤਕ ਦੇਹ 31 ਅਕਤੂਬਰ ਨੂੰ ਦਸੂਹਾ ਪਹੁੰਚੇਗੀ। ਇਸ ਉਪਰੰਤ ਸਰਕਾਰੀ ਸਨਮਾਨਾਂ ਨਾਲ ਪਿੰਡ ਖੇੜਾ ਕੋਟਲੀ ਤਹਿਸੀਲ ਦਸੂਹਾ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਸ਼ਹੀਦ ਦੀ ਮ੍ਰਿਤਕ ਦੇਹ ਸ੍ਰੀਨਗਰ ਤੋਂ ਜਹਾਜ਼ ਰਾਹੀਂ ਜੰਮੂ ਵਿਖੇ ਪਹੁੰਚ ਰਹੀ ਹੈ।
ਉਸ ਤੋਂ ਬਾਅਦ ਸੜਕ ਆਵਾਜਾਈ ਰਾਹੀਂ ਰਾਸ਼ਟਰੀ ਰਾਜਮਾਰਗ ਜੰਮੂ ਪਠਾਨਕੋਟ ਰਾਹੀਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਫ਼ੌਜ ਜਵਾਨਾਂ ਦੀ ਹਾਜ਼ਰੀ ਵਿੱਚ ਇੱਕ ਗੱਡੀ ਵਿੱਚ ਪਿੰਡ ਖੇੜਾ ਕੋਟਲੀ ਦਸੂਹਾ ਵਿਖੇ ਲਿਆਂਦਾ ਜਾਵੇਗਾ। ਇਸ ਪਿੰਡ ਦੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਪੂਰੇ ਪਿੰਡ ਵਿੱਚ ਗਮ ਦਾ ਮਾਹੌਲ ਹੈ ਅਧਿਕਾਰੀ ਅਤੇ ਹੋਰ ਲੋਕ ਸ਼ਹੀਦ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ।
ਸ਼ਹੀਦ ਅਜੇ ਕੁਆਰਾ ਸੀ ਅਤੇ ਉਸ ਦੀ ਉਮਰ ਵੀ 25 ਸਾਲ ਦੱਸੀ ਜਾ ਰਹੀ ਸੀ। ਉਹ ਇਕ ਮਹੀਨੇ ਬਾਅਦ ਘਰ ਛੁੱਟੀ ਤੇ ਆ ਰਿਹਾ ਸੀ ਅਤੇ ਛੁੱਟੀ ਦੇ ਆਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਕਰਨਾ ਸੀ।
