ਫਰੀਦਕੋਟ ‘ਚ ਨੌਜਵਾਨ ਨਾਲ ਹੋਇਆ ਕਾਂਡ, ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ

ਫਰੀਦਕੋਟ ਵਿੱਚੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਗਰਦਨ ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ ਦੇ ਨਿਸ਼ਾਨ ਪਾਏ ਗਏ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੁਲਿਸ ਦੀ ਪੀਸੀਆਰ ਟੀਮ ਨੂੰ ਨਹਿਰ ਦੇ ਕੰਢੇ ਤੇ ਇੱਕ ਲਾਵਾਰਿਸ ਹਾਲਾਤ ਵਿੱਚ ਮੋਟਰਸਾਈਕਲ ਪਿਆ ਨਜ਼ਰ ਆਇਆ ਸੀ ਅਤੇ ਜਦੋਂ ਆਸ-ਪਾਸ ਵੇਖਿਆ ਤਾਂ ਕੁਝ ਦੂਰੀ ਤੇ ਖੂਨ ਡੁਲਿਆ ਪਿਆ ਮਿਲਿਆ ਸੀ। ਨੌਜਵਾਨ ਦੀ ਗਰਦਨ ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਕੱਟ ਲੱਗਿਆ ਹੋਇਆ ਸੀ।
ਜਦੋਂ ਪੁਲਿਸ ਵੱਲੋਂ ਮੋਟਰਸਾਈਕਲ ਦੇ ਨੰਬਰ ਤੋਂ ਮੋਟਰਸਾਈਕਲ ਦੇ ਮਾਲਕ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਇਹ ਮੋਟਰਸਾਈਕਲ ਵੀ ਉਸੇ ਨੌਜਵਾਨ ਦਾ ਹੈ, ਜਿਸ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕੀਤੀ ਗਈ ਸੀ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਅਤੇ ਪਰਿਵਾਰ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਕਿਸੇ ਵੱਲੋਂ ਨੌਜਵਾਨ ਦਾ ਕਤਲ ਕਰਕੇ ਨਹਿਰ ਵਿੱਚ ਸੁੱਟਿਆ ਗਿਆ ਹੈ। ਮ੍ਰਿਤਕ ਦੀ ਪਛਾਣ ਸੁਖਬੀਰ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਕੋਠੇ ਵੜਿੰਗ ਵਜੋਂ ਹੋਈ ਹੈ। ਪੁਲਿਸ ਨੇ ਸੁਖਵੀਰ ਸਿੰਘ ਦੀ ਲਾਸ਼ ਪਿੰਡ ਮਚਾਕੀ ਮੱਲ ਕੋਲੋਂ ਨਹਿਰ ’ਚੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲਿਆਂਦੀ ਹੈ। ਪੁਲਿਸ ਮ੍ਰਿਤਕ ਨੌਜਵਾਨ ਦੇ ਮੋਬਾਈਲ ਦੀ ਪੜਤਾਲ ਕਰ ਰਹੀ ਹੈ।