ਪੰਜਾਬ ਸਰਕਾਰ ਵੱਲੋਂ 58 ਸਰਕਾਰੀ ਬੱਸਾਂ ਨੂੰ ਮਿਲੀ ਹਰੀ ਝੰਡੀ, ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ

ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ 58 ਸਰਕਾਰੀ ਬੱਸਾਂ ਦਾ ਤੋਹਫ਼ਾ ਦਿੱਤਾ ਹੈ। ਇਹਨਾਂ ਬੱਸਾਂ ਨੂੰ ਉਦਘਾਟਨ ਲਈ ਮੁਹਾਲੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਲਿਆਂਦਾ ਗਿਆ ਸੀ। ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਹੁਣ ਸਰਕਾਰੀ, ਪ੍ਰਾਈਵੇਟ ਕਾਲਜ-ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਮੁਫ਼ਤ ਬੱਸ ਪਾਸ ਦੀ ਸਹੂਲਤ ਦਿੱਤੀ ਜਾਵੇਗੀ।

ਸੀਐਮ ਚੰਨੀ ਦੇ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬੱਸ ਚਲਾਈ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ 3 ਮਹੀਨਿਆਂ ਵਿੱਚ 842 ਬੱਸਾਂ ਨਵੀਆਂ ਖਰੀਦੀਆਂ ਗਈਆਂ ਹਨ। ਇਸ ਤੇ 400 ਕਰੋੜ ਰੁਪਏ ਖਰਚ ਕੀਤੇ ਗਏ ਹਨ। 102 ਬੱਸ ਸਟੈਂਡਾਂ ਦਾ ਨਵੀਨੀਕਰਨ ਤੇ ਅਪਗਰੇਟ ਕਰ ਰਹੇ ਹਨ ਜਿਸ ਤੇ 400 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸ ਲਈ ਟੈਂਡਰ ਵੀ ਕੱਢੇ ਗਏ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਪਾਸ ਬਣਾਏ ਜਾਣਗੇ। ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਪੜ੍ਹਨ ਵਾਲਿਆਂ ਨੂੰ ਵੀ ਇਸ ਦਾ ਲਾਭ ਮਿਲੇਗਾ। ਉਹਨਾਂ ਕਿਹਾ ਕਿ ਸਿਰਫ਼ ਐਲਾਨ ਨਹੀਂ ਹੈ ਸਗੋਂ ਅਸੀਂ ਇਸ ਨੂੰ ਲਾਗੂ ਕਰ ਰਹੇ ਹਾਂ।
