ਪੰਜਾਬ ਸਰਕਾਰ ਨੇ ਵੰਸ਼ ਨੂੰ ਸਕੂਲ ’ਚ ਕਰਾਇਆ ਦਾਖਲ, ਪਰਿਵਾਰ ਨੂੰ ਸੌਂਪਿਆ 2 ਲੱਖ ਦਾ ਚੈੱਕ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ 11 ਸਾਲਾ ਵੰਸ਼ ਸਿੰਘ ਨੂੰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀਏਯੂ, ਲੁਧਿਆਣਾ ਵਿਖੇ 5ਵੀਂ ਕਲਾਸ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ, ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ 2 ਲੱਖ ਰੁਪਏ ਦਾ ਚੈੱਕ ਵੀ ਉਸ ਦੇ ਪਰਿਵਾਰ ਨੂੰ ਸੌਂਪਿਆ।

ਦਸ ਦਈਏ ਕਿ ਵੰਸ਼ ਛੋਟਾ ਜਿਹਾ ਬੱਚਾ ਜੋ ਕਿ ਅਪਣੇ ਪਰਿਵਾਰ ਦਾ ਢਿੱਡ ਭਰਨ ਲਈ ਦਿਨ ਭਰ ਜ਼ੁਰਾਬਾਂ ਅਤੇ ਰੁਮਾਲ ਵੇਚਦਾ ਹੈ। ਬੱਚੇ ਨੇ ਦਸਿਆ ਕਿ ਉਸ ਦੇ ਘਰ ਵਿੱਚ ਸੱਤ ਮੈਂਬਰ ਹਨ, ਤਿੰਨ ਭੈਣਾਂ, ਮਾਂ-ਪਿਤਾ ਅਤੇ ਇਕ ਹੋਰ ਭਰਾ। ਉਹਨਾਂ ਦੀ ਮਾਂ ਮੂੰਗਫਲੀ ਦੀ ਰੇਹੜੀ ਲਾਉਂਦੀ ਸੀ।
ਪਰ ਹੁਣ ਸੀਜ਼ਨ ਜਾਣ ਕਰ ਕੇ ਉਹ ਘਰ ਹੀ ਰਹਿੰਦੇ ਹਨ। ਉਸ ਦੇ ਪਿਤਾ ਰਿਕਸ਼ਾ ਚਲਾਉਂਦੇ ਸੀ ਪਰ ਕੁਝ ਸਮਾਂ ਪਹਿਲਾਂ ਉਹਨਾਂ ਦਾ ਰਿਕਸ਼ਾ ਵੀ ਚੋਰੀ ਹੋ ਗਿਆ। ਹੁਣ ਸਿਰਫ ਉਹ ਤੇ ਉਸ ਦਾ ਭਰਾ ਹੀ ਕੰਮ ਕਰਦੇ ਹਨ ਪਰ ਲਾਕਡਾਊਨ ਕਾਰਨ ਉਸ ਦਾ ਕੰਮ ਵੀ ਬੰਦ ਹੈ। ਵੰਸ਼ ਨੇ ਅੱਗੇ ਦਸਿਆ ਕਿ ਉਹ ਰੁਮਾਲ, ਹੈੱਡਫੋਨ ਅਤੇ ਜ਼ੁਰਾਬਾਂ ਵੇਚਦਾ ਹੈ। ਉਸ ਦੀ ਕਮਾਈ ਨਾਲ ਹੀ ਘਰ ਦਾ ਗੁਜ਼ਾਰਾ ਹੁੰਦਾ ਹੈ।
ਉਹ ਸਕੂਲ ਵਿੱਚ ਪੜ੍ਹਦਾ ਵੀ ਹੈ ਪਰ ਲਾਕਡਾਊਨ ਕਾਰਨ ਉਹਨਾਂ ਦੀ ਪੜ੍ਹਾਈ ਅੱਧ ਵਿਚਾਲੇ ਰਹਿ ਗਈ। ਦਸ ਦਈਏ ਕਿ ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਬੱਚੇ ਨਾਲ ਵੀਡੀਓ ਕਾਲ ਤੇ ਗੱਲਬਾਤ ਕੀਤੀ ਸੀ। ਇਸ ਕਾਲ ਵਿੱਚ ਵੀ ਉਹਨਾਂ ਨੇ ਬੱਚੇ ਦੀ ਮਦਦ ਕਰਨ ਦਾ ਐਲਾਨ ਕੀਤਾ ਸੀ। ਇਸੇ ਤਹਿਤ ਅੱਜ ਉਹਨਾਂ ਵੱਲੋਂ ਬੱਚੇ ਦੇ ਪਰਿਵਾਰ ਨੂੰ 2 ਲੱਖ ਦਾ ਚੈੱਕ ਸੌਂਪਿਆ ਗਿਆ ਹੈ।
