ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, ਵਧੀ ਹੋਰ ਸਖ਼ਤਾਈ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸ ਹੋਰਨਾਂ ਦੇਸ਼ਾਂ ਨਾਲੋਂ ਜ਼ਿਆਦਾ ਹੋ ਰਹੇ ਹਨ। ਕੇਸਾਂ ਦੇ ਵਧਣ ਕਾਰਨ ਭਾਰਤ ਵਿੱਚ ਆਕਸੀਜਨ ਦੇ ਨਾਲ-ਨਾਲ ਹੋਰ ਮੈਡੀਕਲ ਸਹੂਲਤਾਂ ਵਿੱਚ ਵੀ ਭਾਰੀ ਕਮੀ ਆ ਰਹੀ ਹੈ। ਸੋਸ਼ਲ ਮੀਡੀਆ ’ਤੇ ਅਜਿਹੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ ਜਿਹਨਾਂ ਵਿੱਚ ਕੋਰੋਨਾ ਮਰੀਜ਼ ਸੜਕਾਂ ’ਤੇ ਹੀ ਮਰ ਰਹੇ ਹਨ। ਅਜਿਹੀਆਂ ਵੀਡੀਓ ਦੇਖ ਕੇ ਇੰਝ ਜਾਪਦਾ ਹੈ ਕਿ ਭਾਰਤ ਦੀ ਸਥਿਤੀ ਬਹੁਤ ਹੀ ਮਾੜੀ ਹੋ ਚੁੱਕੀ ਹੈ।

ਲੋਕਾਂ ਨੂੰ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਸਹੂਲਤ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲ ਰਹੀ। ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦਰਮਿਆਨ ਪੰਜਾਬ ਸਰਕਾਰ ਨੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਅੱਜ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਮੁਤਾਬਕ ਹੁਣ ਕਰਫਿਊ ਸ਼ਾਮ 5 ਵਜੇ ਤੋਂ ਲੱਗੇਗਾ ਅਤੇ ਇਸ ਦੇ ਨਾਲ ਹੀ ਵੀਕੈਂਡ ਕਰਫਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

ਪਬਲਿਕ ਟਰਾਂਸਪੋਰਟ ਵਿੱਚ 50 ਫ਼ੀਸਦੀ ਸਹੂਲਤ ਨਾਲ ਯਾਤਰੀ ਸਫ਼ਰ ਕਰ ਸਕਦੇ ਹਨ। ਇਸ ਦੇ ਨਾਲ ਹੀ ਸਿਨੇਮਾ, ਜਿਮ, ਬਾਰ, ਕੋਚਿੰਗ ਸੈਂਟਰ, ਸਵੀਮਿੰਗ ਪੂਲ ਅਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਹੋਮਡਿਲਵਰੀ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ। ਇਸ ਵਿੱਚ ਮੈਡੀਕਲ ਦੁਕਾਨਾਂ, ਹਸਪਤਾਲ, ਆਦਿ ਨੂੰ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੁੱਧ, ਡੇਅਰੀ ਪ੍ਰੋਡਕਟਸ, ਸਬਜ਼ੀ, ਅੰਡੇ, ਫਲ, ਮੀਟ ਆਦਿ ਵੀ ਲੈ ਸਕਦੇ ਹੋ।

ਬਸ ਟ੍ਰੇਨ, ਹਵਾਈ ਆਵਾਜਾਈ ਨੂੰ ਵੀ ਇਸ ਕਰਫਿਊ ਤੋਂ ਬਾਹਰ ਰੱਖਿਆ ਗਿਆ ਹੈ। ਉਦਯੋਗਿਕ ਕਾਰਖਾਨੇ ਜਿੱਥੇ 24 ਘੰਟੇ ਸ਼ਿਫਟਾਂ ਲੱਗਦੀਆਂ ਹਨ ਉਹ ਵੀ ਖੁੱਲ੍ਹੇ ਰਹਿਣਗੇ। ਪੰਜਾਬ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 9022 ਤੱਕ ਪਹੁੰਚ ਗਈ ਹੈ। ਇਸ ਸਮੇਂ ਸਰਗਰਮ ਮਰੀਜ਼ਾਂ ਦੀ ਗਿਣਤੀ 3,70,973 ਹੋ ਗਈ ਹੈ।
5106 ਮਰੀਜ਼ ਕਾਮਯਾਬ ਹੋਏ ਹਨ ਅਤੇ ਠੀਕ ਹੋ ਕੇ ਘਰ ਜਾ ਚੁੱਕੇ ਹਨ। ਕੋਰੋਨਾ ਬੁਲੇਟਿਨ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ 114 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 6132 ਲੋਕਾਂ ਨੂੰ ਕੋਰੋਨਾ ਹੋਇਆ ਹੈ। ਉੱਧਰ ਦਿੱਲੀ ਵਿੱਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਇਸ ਕਾਰਨ ਮੈਡੀਕਲ ਸਹੂਲਤਾਂ ਵਿੱਚ ਕਮੀ ਹੋ ਗਈ ਹੈ। ਦਿੱਲੀ ਦੇ ਮਰੀਜ਼ ਹੁਣ ਪੰਜਾਬ ਦਾ ਰੁਖ ਕਰ ਰਹੇ ਹਨ ਅਤੇ ਇਹਨਾਂ ਦਾ ਇਲਾਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵੀ ਕੀਤਾ ਜਾ ਰਿਹਾ ਹੈ।
