ਪੰਜਾਬ ਸਰਕਾਰ ਦੇ 8 ਘੰਟੇ ਬਿਜਲੀ ਦਾਅਵਿਆਂ ਦੀ ਨਿਕਲੀ ਫੂਕ? ਕਿਸਾਨਾਂ ਨੇ ਕੀਤੇ ਖੁਲਾਸੇ

ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕ ਹਾਲੋਂ-ਬੇਹਾਲ ਹੋਏ ਪਏ ਹਨ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਪਰ ਇਹਨਾਂ ਦਾਅਵਿਆਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ। ਜ਼ਿਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਪੈਂਦੇ ਪਿੰਡ ਸ਼ਾਮਪੁਰਾ ਵਿੱਚ ਪਿਛਲੇ ਕਰੀਬ 6 ਦਿਨਾਂ ਤੋਂ ਖੇਤਾਂ ਵਿੱਚ ਪ੍ਰੇਸ਼ਾਨੀ ਚੁੱਕਣੀ ਪੈ ਰਹੀ ਹੈ।

ਕਈ ਕਿਸਾਨਾਂ ਕੋਲ ਅਪਣੇ ਜਨਰੇਟਰ ਹਨ ਪਰ ਕਈ ਕਿਸਾਨ ਕਿਰਾਏ ਤੇ ਜਨਰੇਟਰ ਲੈ ਕੇ ਖੇਤੀ ਕਰਨ ਲਈ ਮਜ਼ਬੂਰ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਡੀਜ਼ਲ ਇੰਨਾ ਮਹਿੰਗਾ ਹੋ ਚੁੱਕਾ ਹੈ ਕਿ ਖੇਤੀ ਕਰਨੀ ਔਖੀ ਹੋ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੇ ਪਿੰਡ ਵਿੱਚ ਘਰਾਂ ਦੀ ਬਿਜਲੀ ਵੀ ਸਹੀ ਢੰਗ ਨਾਲ ਨਹੀਂ ਆ ਰਹੀ। ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ, ਜਿਸ ਕਰ ਕੇ ਖੇਤ ਤੇ ਘਰ ਵਿੱਚ ਜਨਰੇਟਰ ਚਲਾਉਣਾ ਪੈ ਰਿਹਾ ਹੈ।
ਸੁਰਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਪਿਛਲੇ ਕਰੀਬ 6 ਦਿਨਾਂ ਤੋਂ ਬਿਜਲੀ ਨਹੀਂ ਆਏ ਰਹੀ, ਜਿਸ ਨਾਲ ਖੇਤਾਂ ਵਿੱਚ ਕੰਮ ਵੀ ਨਹੀਂ ਹੋ ਰਿਹਾ ਹੈ। ਬਿਜਲੀ ਨਾ ਆਉਣ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕਿਸਾਨ ਗਰੀਬ ਹਨ ਤੇ ਉਨ੍ਹਾਂ ਕੋਲ ਜਨਰੇਟਰ ਵੀ ਨਹੀਂ, ਜਿਸ ਕਰਕੇ ਉਨ੍ਹਾਂ ਨੂੰ ਜਨਰੇਟਰ ਕਿਰਾਏ ਤੇ ਲਿਆਉਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਅੱਜ ਦੇ ਸਮੇਂ ਵਿੱਚ ਜਨਰੇਟਰ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਕਰੀਬ 100 ਰੁਪਏ ਲੀਟਰ ਡੀਜ਼ਲ ਹੋ ਗਿਆ ਹੈ ਤੇ ਡੀਜ਼ਲ ਵੀ ਕਿਸਾਨਾਂ ਨੂੰ ਵਾਰਾ ਨਹੀਂ ਖਾਂਦਾ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਉਹ ਹਜਾਰਾਂ ਰੁਪਏ ਦਾ ਡੀਜ਼ਲ ਫੂਕ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਹਿ ਤਾਂ ਰਹੀ ਹੈ ਕਿ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਪਰ ਇਹ ਗੱਲ ਸਿਰਫ ਕਾਗਜਾਂ ਵਿੱਚ ਹੀ ਹੈ, ਹਕੀਕਤ ਵਿੱਚ ਨਹੀਂ।
