ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪਟਿਆਲਾ ਘਟਨਾ ਨੂੰ ਲੈ ਕੇ ਬਣਾਈ ਨਵੀਂ ਐਸਆਈਟੀ

ਪਟਿਆਲਾ ਵਿੱਚ ਪਿਛਲੇ ਹਫ਼ਤੇ ਵਾਪਰੀ ਘਟਨਾ ਤੇ ਪੰਜਾਬ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਪਟਿਆਲਾ ਵਿੱਚ ਪਿਛਲੇ ਹਫ਼ਤੇ ਖਾਲਿਸਤਾਨ ਵਿਰੋਧੀ ਮਾਰਚ ਦੌਰਾਨ ਹੋਈ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਪਟਿਆਲਾ ਵਿੱਚ ਵਾਪਰੀ ਘਟਨਾ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ।

ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਪਟਿਆਲਾ ਕਾਂਡ ਦੀ ਜਾਂਚ ਲਈ ਐਸਪੀ ਮਹਿਤਾਬ ਸਿੰਘ ਦੀ ਨਿਗਰਾਨੀ ਹੇਠ ਐਸਆਈਟੀ ਬਣਾਈ ਹੈ। ਛੀਨਾ ਨੇ ਕਿਹਾ ਕਿ ਐਸਆਈਟੀ 29 ਅਪ੍ਰੈਲ ਨੂੰ ਇੱਥੇ ਦੋ ਧੜਿਆਂ ਵਿਚਾਲੇ ਝੜਪ ਦੀ ਪੂਰੀ ਜਾਂਚ ਕਰੇਗੀ।

ਕਾਲੀ ਮਾਤਾ ਮੰਦਰ ਦੇ ਬਾਹਰ ਜਿੱਥੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਮੈਂਬਰਾਂ ਨੇ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਿਆ ਉੱਥੇ ਝੜਪ ਹੋ ਗਈ। ਇਸ ਦੌਰਾਨ ਨਿਹੰਗਾਂ ਸਮੇਤ ਕੁਝ ਸਿੱਖ ਜੱਥੇਬੰਦੀਆਂ ਨੇ ਰੋਸ ਵਜੋਂ ਇੱਕ ਹੋਰ ਮਾਰਚ ਕੱਢਿਆ। ਪੁਲਿਸ ਮੁਤਾਬਕ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਚਾਰ ਲੋਕ ਜ਼ਖ਼ਮੀ ਹੋ ਗਏ। ਘਟਨਾ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿੱਚ ਮੁੱਖ ਮੁਲਜ਼ਮ ਬਰਜਿੰਦਰ ਸਿੰਘ ਪਰਵਾਨਾ ਅਤੇ ਅੱਠ ਹੋਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
