ਚੰਡੀਗੜ੍ਹ: ਅਨਲਾਕ 4.0 ਵਿਚ ਵੀ ਪੰਜਾਬ ਵਿਚ ਵੀਕੈਂਡ ਦਾ ਕਰਫਿਊ ਜਾਰੀ ਰਹੇਗਾ। ਪੰਜਾਬ ਸਰਕਾਰ ਨੇ ਸੂਬੇ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵੀਕੈਂਡ ਕਰਫਿਊ ਨੂੰ 30 ਸਤੰਬਰ ਤਕ ਵਧਾ ਦਿੱਤਾ ਹੈ। ਇਹ ਹੁਕਮ ਸੋਮਵਾਰ ਨੂੰ ਵਿਸ਼ੇਸ਼ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਜਾਰੀ ਕੀਤਾ। ਹੁਕਮ ਮੁਤਾਬਕ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਕਰਫਿਊ ਲਗ ਜਾਵੇਗਾ ਅਤੇ ਸੋਮਵਾਰ ਸਵੇਰੇ 5 ਵਜੇ ਤਕ ਜਾਰੀ ਰਹੇਗਾ।
ਇਹ ਪਾਬੰਦੀ ਕੇਵਲ ਸ਼ਹਿਰੀ ਇਲਾਕਿਆਂ ਵਿਚ ਹੋਵੇਗੀ ਅਤੇ ਜ਼ਰੂਰੀ ਵਸਤੂਆਂ ਲੈਣ ਦੀ ਛੋਟ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ। ਇਸ ਦੌਰਾਨ ਹੋਟਲ ਅਤੇ ਬਾਰ ਨੂੰ ਵੀ ਸ਼ਾਮ ਸਾਢੇ 6 ਵਜੇ ਤਕ ਖੋਲ੍ਹੇ ਜਾਣ ਦੀ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਸਭ ਤੋਂ ਪ੍ਰਭਾਵਿਤ ਪੰਜ ਸ਼ਹਿਰਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਮੋਹਾਲੀ ਵਿਚ ਦੁਕਾਨਦਾਰਾਂ ਨੂੰ ਵੱਡੀ ਰਾਹਤ ਵੀ ਦਿੱਤੀ ਹੈ।
ਇਹਨਾਂ ਸ਼ਹਿਰਾਂ ਵਿਚ ਪਿਛਲੇ ਦਿਨਾਂ ਵਿਚ ਗੈਰਜ਼ਰੂਰੀ ਸਮਾਨ ਦੀਆਂ ਸਿਰਫ ਅੱਧੀਆਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਵੀਕੈਂਡ ਕਰਫਿਊ ਨੂੰ ਛੱਡ ਕੇ ਬਾਕੀ ਸਾਰੇ ਦਿਨ ਸਾਰੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ। ਵੀਕੈਂਡ ਕਰਫਿਊ ਦੇ ਪਿਛਲੇ ਹੁਕਮਾਂ ਦੀ ਮਿਆਦ ਸੋਮਵਾਰ ਨੂੰ ਖ਼ਤਮ ਹੋਣ ਅਤੇ ਪੰਜਾਬ ਵਿਚ ਲਗਾਤਾਰ ਖਰਾਬ ਹੋ ਰਹੇ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕਰਫਿਊ ਨੂੰ ਇਕ ਮਹੀਨਾ ਹੋਰ ਵਧਾਉਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ।
ਇਸ ਵਿਚ ਕਿਹਾ ਗਿਆ ਸੀ ਕਿ ਰਾਜ ਵਿਚ ਹਰ ਰੋਜ਼ ਕੋਰੋਨਾ ਦੇ 1500 ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਰਹੇ ਹਨ ਅਤੇ ਤਿੰਨ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ। ਜਿਸ ਨੂੰ ਦੇਖਦੇ ਹੋਏ ਵੀਕੈਂਡ ਕਰਫਿਊ ਇਕ ਮਹੀਨੇ ਤਕ ਵਧਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਦੀ ਆਗਿਆ ਦੇ ਦਿੱਤੀ। ਗੌਰਤਲਬ ਹੈ ਕਿ ਸ਼ਨੀਵਾਰ ਨੂੰ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਹੁਣ ਕੋਈ ਵੀ ਸੂਬਾ ਸਰਕਾਰ, ਕੇਂਦਰ ਸਰਕਾਰ ਦੀ ਆਗਿਆ ਤੋਂ ਬਿਨਾਂ ਲਾਕਡਾਊਨ ਨਹੀਂ ਵਧਾ ਸਕੇਗੀ।
ਪੰਜਾਬ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1469 ਹੋ ਗਈ ਹੈ। ਸੋਮਵਾਰ ਨੂੰ ਰਾਜ ਵਿਚ 51 ਲੋਕਾਂ ਦੀ ਮੌਤ ਗਈ, ਇਸ ਵਿੱਚੋਂ ਇਕੱਲੇ ਲੁਧਿਆਣਾ ਵਿਚ ਹੀ 24 ਲੋਕਾਂ ਨੇ ਦਮ ਤੋੜ ਦਿੱਤਾ। ਉੱਥੇ ਹੀ ਕੋਰੋਨਾ ਦੇ 1623 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵਾਂਸ਼ਹਿਰ ਤੋਂ ਕਾਂਗਰਸ ਵਿਧਾਇਕ ਅੰਗਦ ਸਿੰਘ ਨੇ ਖੁਦ ਨੂੰ ਹੋਮ ਆਈਸੋਲੇਟ ਕਰ ਲਿਆ ਹੈ। ਉਹਨਾਂ ਦੀ ਪਤਨੀ ਅਦਿਤੀ ਸਿੰਘ ਉਤਰ ਪ੍ਰਦੇਸ਼ ਦੇ ਰਾਇਬਰੇਲੀ ਤੋਂ ਵਿਧਾਇਕ ਹਨ ਅਤੇ ਅੱਜ ਕੱਲ੍ਹ ਰਾਇਬਰੇਲੀ ਵਿਚ ਹੀ ਹਨ। ਉੱਥੇ ਹੀ ਸੁਨਾਮ ਦੇ ਆਪ ਵਿਧਾਇਕ ਅਮਨ ਆਰੋੜਾ ਵੀ ਪਾਜ਼ੀਟਿਵ ਪਾਏ ਗਏ ਹਨ।
