ਪੰਜਾਬ ਵਿਧਾਨ ਸਭਾ ‘ਚ ਅੱਜ ਵੀ ਹੋਇਆ ਹੰਗਾਮਾ, ‘ਅਕਾਲੀ ਦਲ’ ਤੇ ‘ਆਪ’ ਨੇ ਕੀਤਾ ਵਾਕਆਊਟ

ਬਜਟ ਇਜਲਾਸ ਦਾ ਅੱਜ ਚੌਥਾ ਦਿਨ ਹੈ। ਅੱਜ ਵੀ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਹੈ। ਇਸ ਦੌਰਾਨ ਵੱਖ-ਵੱਖ ਮੁੱਦਿਆਂ ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਨਾਅਰੇਬਾਜ਼ੀ ਕਰਨ ਤੋਂ ਬਾਅਦ ਵਾਕਆਊਟ ਕੀਤਾ ਗਿਆ। ਅਕਾਲੀ ਦਲ ਨੇ ਪੰਜਾਬ ਵਿੱਚ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟ ਕਰਨ ਦੀ ਮੰਗ ਕੀਤੀ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ। ਕੱਲ੍ਹ ਵੀ ਬਜਟ ਇਜਲਾਸ ਹੰਗਾਮੇ ਭਰਿਆ ਰਿਹਾ ਸੀ। ਸੰਸਦ ਵਿੱਚ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ ਜਿਸ ਤੇ ਕਈ ਸੰਸਦ ਮੈਂਬਰਾਂ ਵੱਲੋਂ ਸਹਿਮਤੀ ਨਹੀਂ ਜਤਾਈ ਜਾਂਦੀ।

ਅਕਾਲੀ ਦਲ ਨੇ ਵੀ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ ਸੀ। ਇਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਵੀ ਨਾਅਰੇਬਾਜ਼ੀ ਕਰਦਿਆਂ ਸਦਨ ਵਿੱਚੋਂ ਵਾਕਆਊਟ ਕੀਤਾ ਗਿਆ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕਾਂ ਨੇ ਗੱਡਿਆਂ ਤੇ ਸਵਾਰ ਹੋ ਕੇ ਵਿਧਾਨ ਸਭਾ ਵੱਲ ਕੂਚ ਕੀਤਾ ਅਤੇ ਕਾਂਗਰਸ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਕਿਹਾ ਗਿਆ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੀ ਇੰਨੀਆਂ ਵਧ ਗਈਆਂ ਹਨ ਕਿ ਉਹਨਾਂ ਨੂੰ ਗੱਡਿਆਂ ਤੇ ਵਿਧਾਨ ਸਭਾ ਆਉਣਾ ਪਿਆ ਹੈ।
ਅਕਾਲੀ ਦਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਜ਼ਿਆਦਾ ਵੈਟ ਨਾ ਲਾਵੇ ਤਾਂ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਮਹਿੰਗਾ ਨਹੀਂ ਹੋ ਸਕਦਾ। ਇਸ ਤੋਂ ਇਲਾਵਾ 85ਵੀਂ ਸੋਧ ਦੇ ਮਾਮਲੇ ‘ਤੇ ‘ਆਪ’ ਵਿਧਾਇਕਾਂ ਵਲੋਂ ਸਦਨ ‘ਚ ਰੌਲ਼ਾ-ਰੱਪਾ ਪਾਇਆ ਗਿਆ ਅਤੇ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ ਕੀਤੀ।
ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਲੋਂ ਸਿਹਤ ਮੰਤਰੀ ਨੂੰ ਪੁੱਛੇ ਸਵਾਲ ਕਿ ਤੁਹਾਡੇ ਸਮੇਤ ਹੋਰ ਵਜ਼ੀਰਾਂ ਨੇ ਫੋਰਟਿਸ ਵਰਗੇ ਨਿੱਜੀ ਹਸਪਤਾਲਾਂ ‘ਚ ਕੋਰੋਨਾ ਦਾ ਇਲਾਜ ਕਰਾਇਆ, ਕੀ ਤੁਹਾਨੂੰ ਸਰਕਾਰੀ ਹਸਪਤਾਲਾਂ ਦੇ ਇਲਾਜ ‘ਤੇ ਭਰੋਸਾ ਨਹੀਂ? ਇਸ ਦੇ ਜਵਾਬ ਸਿਹਤ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰਨਾਂ ਵਲੋਂ ਸਰਕਾਰੀ ਖਰਚੇ ‘ਤੇ ਵਿਦੇਸ਼ਾਂ ਵਿੱਚ ਇਲਾਜ ਕਰਵਾਇਆ ਗਿਆ, ਜਿਸ ਮਗਰੋਂ ਸਦਨ ਵਿੱਚ ਇਸ ਮੁੱਦੇ ‘ਤੇ ਰੌਲਾ ਰੱਪਾ ਸ਼ੁਰੂ ਹੋ ਗਿਆ।
