ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੀਐਮ ਫੇਸ ਚਰਨਜੀਤ ਸਿੰਘ ਚੰਨੀ ਨੇ ਚੋਣ ਮਨੋਰਥ ਪੱਤਰ ਜਾਰੀ ਕਰਕੇ ਪੰਜਾਬ ਦੀ ਜਨਤਾ ਨਾਲ ਚੁਣਾਵੀ ਵਾਅਦੇ ਕੀਤੇ। ਨਵਜੋਤ ਸਿੱਧੂ ਨੇ ਚੋਣ ਮੈਨੀਫੈਸਟੋ ਸੰਬੰਧੀ ਬੋਲਦਿਆਂ ਕਿਹਾ ਕਿ, “ਅਸੀਂ ਸਰਕਾਰ ਬਣਨ ‘ਤੇ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਵਾਂਗੇ ਤੇ ਇਸ ਦੇ ਨਾਲ ਹੀ ਸਾਲ ‘ਚ ਫ੍ਰੀ 8 ਸਿਲੰਡਰ ਦਿੱਤੇ ਜਾਣਗੇ।

ਹਰ ਕੱਚਾ ਮਕਾਨ ਪੱਕਾ ਕੀਤਾ ਜਾਵੇਗਾ। ਬਜ਼ੁਰਗਾਂ ਨੂੰ 3100 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਸਰਕਾਰੀ ਸਕੂਲ ਤੇ ਯੂਨੀਵਰਸਿਟੀ ਵਿੱਚ ਸਭ ਨੂੰ ਫ੍ਰੀ ਸਿੱਖਿਆ ਦਿੱਤੀ ਜਾਵੇਗੀ। ਫ੍ਰੀ ਹੈਲਥ ਸਰਵਿਸ ਦਿੱਤੀ ਜਾਵੇਗੀ। ਮਨਰੇਗਾ ਦੇ ਪੈਸੇ ਵੀ ਵਧਾਏ ਜਾਣਗੇ। ਇਹ ਵਧਾ ਕੇ 350 ਰੁਪਏ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ 100 ਦਿਨਾਂ ਦੀ ਤਾਂ 150 ਦਿਨਾਂ ਦਾ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਟਾਰਟ ਅੱਪਸ ਲਈ 2 ਤੋਂ 12 ਲੱਖ ਰੁਪਏ ਕਰਜ਼ਾ ਦਿੱਤਾ ਜਾਵੇਗਾ।
ਤੇਲ ਬੀਜਾਂ, ਮੱਕੀ ਅਤੇ ਦਾਲਾਂ ਦੀ ਸਾਰੀ ਫਸਲ ਸਰਕਾਰ ਖਰੀਦੇਗੀ। 12ਵੀਂ ਪਾਸ ਕਰਨ ਵਾਲੀਆਂ ਲੜਕੀਆਂ ਨੂੰ 20 ਹਜ਼ਾਰ ਅਤੇ ਕੰਪਿਊਟਰ ਦਿੱਤੇ ਜਾਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਂ ਪਹਿਲੇ ਦਸਤਖਤ ਨਾਲ ਇੱਕ ਲੱਖ ਨੌਕਰੀਆਂ ਦੇਵਾਂਗਾ। ਕਾਂਗਰਸ ਨੇ ਪੰਜ ਸਾਲਾਂ ਵਿੱਚ ਪੰਜ ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਇੰਸਪੈਕਟਰ ਰਾਜ ਨੂੰ ਖਤਮ ਕੀਤਾ ਜਾਵੇਗਾ।
ਇਸ ਮੌਕੇ ਸੀਐਮ ਫੇਸ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਰਟੀ ਨੇ ਭਾਵੇਂ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ ਤਾਂ ਪਰ ਸਾਡੀ ਸਰਕਾਰ ਟੀਮ ਵਰਕ ਕਰੇਗੀ। ਇਸ ਵਿਚ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦਾ ਅਹਿਮ ਰੋਲ ਹੋਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਨੂੰ 111 ਦਿਨ ਕੰਮ ਕਰਨ ਦਾ ਮੌਕਾ ਮਿਲਿਆ, ਇਸ ਦੌਰਾਨ ਜਿਨ੍ਹਾਂ ਕਰ ਸਕਦਾ ਸੀ ਜਨਤਾ ਦੀ ਭਲਾਈ ਲਈ ਕੀਤਾ।
