ਪੰਜਾਬ ਬੋਰਡ ਨੇ ਕਰਤਾ ਐਲਾਨ, 10ਵੀਂ-12ਵੀਂ ਜਮਾਤ ਦੇ ਵਿਦਿਆਰਥੀ ਕਰ ਲੈਣ ਤਿਆਰੀ

10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੋਰੋਨਾ ਦੇ ਚਲਦੇ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਪਰ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ-2020 ਵਿੱਚ 10ਵੀਂ ਜਮਾਤ ਦੀਆਂ ਰੋਕੀਆਂ ਗਈਆਂ ਅਤੇ 12ਵੀਂ ਜਮਾਤ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਲੈਣ ਦਾ ਫ਼ੈਸਲਾ ਕੀਤਾ ਹੈ।
ਇਸ ਸਬੰਧੀ ਬੋਰਡ ਦੇ ਸਕੱਤਰ ਮੁਹੰਮਦ ਤਾਇਬਰ ਨੇ ਦਸਿਆ ਕਿ ਸੂਬੇ ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਪੰਜਾਬ ਸਰਕਾਰ ਨੇ ਕਰਫਿਊ ਅਤੇ ਲਾਕਡਾਊਨ ਦੇ ਚਲਦੇ ਸਾਲਾਨਾ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। ਮਹਾਂਮਾਰੀ ਕਾਰਨ ਬਹੁਤ ਲੰਮਾ ਸਮਾਂ ਸਕੂਲ ਬੰਦ ਰਹੇ ਹਨ।
ਬੱਚਿਆਂ ਦੀ ਪੜ੍ਹਾਈ ਵੀ ਆਨਲਾਈਨ ਹੀ ਕਰਵਾਈ ਜਾ ਰਹੀ ਹੈ। ਹੁਣ 10ਵੀਂ ਕਲਾਸ ਦੀ ਓਪਨ ਸਕੂਲ ਪ੍ਰਣਾਲੀ, ਪ੍ਰਦਰਸ਼ਨ ਸੁਧਾਰ ਅਤੇ ਵਾਧੂ ਵਿਸ਼ਾ ਕੈਟਾਗਰੀ ਦੇ ਉਨ੍ਹਾਂ ਪ੍ਰੀਖਿਆਰਥੀਆਂ ਜਿਨ੍ਹਾਂ ਦਾ ਨਤੀਜਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ, 26 ਅਕਤੂਬਰ 2020 ਤੋਂ 11 ਨਵੰਬਰ 2020 ਅਤੇ 12ਵੀਂ ਕਲਾਸ ਦੀ ਸਪਲੀਮੈਂਟਰੀ, ਪ੍ਰਦਰਸ਼ਨ ਸੁਧਾਰ ਅਤੇ ਵਾਧੂ ਵਿਸ਼ਾ ਕੈਟਾਗਰੀ ਦੀ ਪ੍ਰੀਖਿਆ 26 ਅਕਤੂਬਰ 2020 ਤੋਂ 17 ਨਵੰਬਰ 2020 ਤੱਕ ਸਿੱਖਿਆ ਬੋਰਡ ਵੱਲੋਂ ਨਿਰਧਾਰਤ ਪ੍ਰੀਖਿਆ ਕੇਂਦਰਾਂ ’ਤੇ ਕਰਵਾਈ ਜਾਵੇਗੀ।
ਇਨ੍ਹਾਂ ਪ੍ਰੀਖਿਆਵਾਂ ਨਾਲ ਨਾਲ ਸਾਲ 2004 ਤੋਂ 10ਵੀਂ ਅਤੇ 12ਵੀਂ ਕਲਾਸ ਨੂੰ ਦਿੱਤੇ ਗਏ ਗੋਲਡਨ ਚਾਂਸ ਦੇ ਅਧੀਨ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਵੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਦਾ ਸਮਾਂ ਸਵੇਰੇ 11.00 ਤੋਂ 2.15 ਵਜੇ ਤੱਕ ਦਾ ਹੋਵੇਗਾ। ਪ੍ਰੀਖਿਆ ਅਤੇ ਡੇਟਸ਼ੀਟ ਦੇ ਸਬੰਧ ’ਚ ਪੂਰੀ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਵੀ ਉਪਲੱਬਧ ਹੈ। ਦਸ ਦਈਏ ਕਿ ਦੇਸ਼ ਵਿੱਚ ਕੋਰੋਨਾ ਦੇ ਕੇਸ ਦਿਨੋਂ ਦਿਨ ਵਧ ਰਹੇ ਹਨ ਪਰ ਕੋਰੋਨਾ ਵੈਕਸੀਨ ਬਣਨ ਦੀ ਅਜੇ ਕੋਈ ਉਮੀਦ ਨਹੀਂ ਹੈ।
