ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਅਰਸ਼ ਡੱਲਾ ਨਾਲ ਜੁੜੇ 232 ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ

ਪੰਜਾਬ ਪੁਲਿਸ ਨੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਹੇ ਕੇਸਾਂ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਡੱਲਾ ਦੇ ਅਰਸ਼ ਡੱਲਾ ਨਾਲ ਸਬੰਧਿਤ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਕਿਹਾ ਕਿ ਅੱਜ ਦੀ ਤਲਾਸ਼ੀ ਮੁਹਿੰਮ ਹਾਲ ਹੀ ਵਿੱਚ ਅਰਸ਼ ਡੱਲਾ ਦੀ ਹਿਮਾਇਤ ਵਾਲੇ ਮਾਡਿਊਲਾਂ ਵਿੱਚ ਸ਼ਾਮਲ ਕਈ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲਿਸ ਦਾ ਖੌਫ਼ ਪੈਦਾ ਕੀਤਾ ਜਾ ਸਕੇ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ।
ਇਹ ਆਪ੍ਰੇਸ਼ਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਕੋ ਸਮੇਂ ਚਲਾਇਆ ਗਿਆ ਹੈ। ਤਲਾਸ਼ੀ ਮੁਹਿੰਮ ਦੌਰਾਨ 192 ਪੁਲਿਸ ਪਾਰਟੀਆਂ ਨੇ ਅਰਸ਼ ਡੱਲਾ ਨਾਲ ਜੁੜੇ ਲਗਭਗ 232 ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਕੀਤੀ। ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਹੋਰ ਪੜਤਾਲ ਲਈ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ ਅਪਰਾਧਿਕ ਸਮੱਗਰੀ ਜ਼ਬਤ ਕੀਤੀ ਗਈ ਹੈ ਜਿਸ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਤਲਾਸ਼ੀ ਮੁਹਿੰਮ ਦੌਰਾਨ ਇਲੈਕਟ੍ਰਾਨਿਕ ਯੰਤਰਾਂ ’ਚੋਂ ਡਾਟਾ ਇਕੱਠਾ ਕੀਤਾ ਗਿਆ, ਅਸਲਾ ਲਾਇਸੈਂਸਾਂ ਦੀ ਜਾਂਚ ਕੀਤੀ ਗਈ, ਅਸਲਿਆਂ ਦੀ ਸੋਰਸਿੰਗ ਦਾ ਪਤਾ ਲਗਾਇਆ ਗਿਆ, ਵਿਦੇਸ਼ੀ ਮੂਲ ਦੇ ਪਰਿਵਾਰਕ ਮੈਂਬਰਾਂ ਦੇ ਯਾਤਰਾ ਸਬੰਧੀ ਵੇਰਵੇ ਇਕੱਠੇ ਕੀਤੇ ਗਏ, ਵਿਦੇਸ਼ਾਂ ਅਤੇ ਵੈਸਟਰਨ ਯੂਨੀਅਨ ਤੋਂ ਬੈਂਕਾਂ ਦੇ ਲੈਣ-ਦੇਣ ਅਤੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਗਏ, ਜੋ ਹੋਰ ਵੀ ਡੰਘਾਈ ਨਾਲ ਪੜਤਾਲੇ ਜਾ ਰਹੇ ਹਨ।