ਪੰਜਾਬ ਪੁਲਿਸ ’ਚ ਨੌਜਵਾਨਾਂ ਲਈ ਸੁਨਹਿਰੀ ਮੌਕਾ, ਭਰਤੀ ਹੋਈ ਸ਼ੁਰੂ

2022 ’ਚ ਪੰਜਾਬ ’ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਵਿਰੋਧੀ ਧਿਰ ਦੀਆਂ ਪਾਰਟੀਆਂ ਵੱਲੋਂ ਚੋਣਾਂ ਲਈ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਨਾਲ ਹੀ ਪੰਜਾਬ ਸਰਕਾਰ ਨੇ ਵੀਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਲਈ ਭਰਤੀ ਸ਼ੁਰੂ ਕੀਤੀ ਗਈ ਹੈ। ਇਸ ਵਾਰ 634 ਅਸਾਮੀਆਂ ’ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਇਹ ਅਸਾਮੀਆਂ ਸੂਚਨਾ ਤਕਨਾਲੋਜੀ, ਕਾਨੂੰਨੀ, ਫੋਰੈਂਸਿਕ ਤੇ ਵਿੱਤ ਦੇ ਖੇਤਰਾਂ ਵਿੱਚ ਹਨ। ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕੀਤਾ, ਦੇਸ਼ ਵਿੱਚ ਇਹ ਪਹਿਲੀ ਪੁਲਿਸ ਸੇਵਾ ਹੈ ਜੋ ਕਿ ਇੰਨੀ ਵੱਡੀ ਗਿਣਤੀ ਵਿੱਚ ਸਿਵਲ ਡੋਮੇਨ ਮਾਹਰਾਂ ਦੀ ਭਰਤੀ ਕਰਦੀ ਹੈ, ਕਾਨੂੰਨੀ, ਫੋਰੈਂਸਿਕ, ਆਈਟੀ ਤੇ ਵਿੱਤ ਸਮੇਤ ਖੇਤਰਾਂ ਵਿੱਚ 634 ਅਸਾਮੀਆਂ ਲਈ ਅਰਜ਼ੀ ਦੇਵੋ। ਖਾਲੀ ਅਸਾਮੀਆਂ ਦੀ ਕੁੱਲ ਗਿਣਤੀ ਵਿੱਚੋਂ, 81 ਵਿੱਤ ਵਿੱਚ, 248 ਆਈਟੀ ਵਿੱਚ, 174 ਫੋਰੈਂਸਿਕ ਵਿੱਚ ’ਤੇ 131 ਕਾਨੂੰਨੀ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਇਹਨਾਂ ਅਸਾਮੀਆਂ ਤੇ ਭਰਤੀ ਲਈ ਸਤੰਬਰ 2021 ਵਿੱਚ ਸੀਬੀ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ।

ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਖ਼ਾਸ ਪੋਸਟ ਤੇ ਢੁਕਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਦਿੱਤੇ QR ਕੋਡ ਸਕੈਨ ਕਰੋ। ਅਸਾਮੀਆਂ ਵਾਸਤੇ ਯੋਗਤਾ ਵਿੱਚ ਬੈਚਲਰ (BA ਜਾਂ B.Sc.) ਦੀ ਡਿਗਰੀ ਹੋਣੀ ਚਾਹੀਦੀ ਹੈ। ਆਸਾਮੀ ਦੇ ਖੇਤਰ ਵਿੱਚ ਦੋ ਤੋਂ 10 ਸਾਲਾਂ ਦੇ ਕੰਮ ਦੇ ਤਜਰਬੇ ਵਾਲੇ ਉਮੀਦਵਾਰ ਅਰਜ਼ੀ ਦੇਣ ਦੇ ਯੋਗ ਹਨ।
ਇਹਨਾਂ ਅਹੁਦਿਆਂ ’ਚ ਖ਼ਾਸ ਗੱਲ ਇਹ ਹੈ ਕਿ ਇਹਨਾਂ ਅਸਾਮੀਆਂ ਲਈ ਘੱਟੋ-ਘੱਟ ਕੱਦ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਤੇ ਸਰੀਰਕ ਟੈਸਟ ਵੀ ਨਹੀਂ ਹੋਵੇਗਾ। ਉਮੀਦਵਾਰਾਂ ਦੀ ਚੋਣ ਸਿਰਫ ਕੰਪਿਊਟਰ ਆਧਾਰਿਤ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਨੰਬਰਾਂ ਦੀ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇਗੀ।
