ਪੰਜਾਬ ਪੁਲਸ ਦੇ ਕਾਂਸਟੇਬਲ ਦਿਲਜੋਧ ਸਿੰਘ ਦੀ ਚਾਰ ਦਿਨਾਂ ਬਾਅਦ ਵੀ ਨਹੀਂ ਹੋ ਸਕੀ ਗ੍ਰਿਫ਼ਤਾਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਵਿਆਹਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਆਪਣੇ ਹੀ ਵਿਆਹ ਤੇ ਫਾਇਰਿੰਗ ਕਰਦੇ ਹੋਏ ਇੱਕ ਪੁਲਿਸ ਮੁਲਾਜ਼ਮ ਦੀ ਕੁਝ ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਸੀ, ਜਿਸ ਮਗਰੋਂ ਥਾਣਾ ਮਜੀਠਾ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਾਮਲਾ ਦਰਜ ਹੋਏ ਨੂੰ 4 ਦਿਨ ਹੋ ਗਏ ਹਨ ਪਰ ਮੁਲਜ਼ਮ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਥਾਣਾ ਮਜੀਠਾ ਦੀ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਪਰ ਮੁਲਜ਼ਮ ਹਾਲੇ ਵੀ ਫਰਾਰ ਹੈ। ਐਸਐਚਓ ਮਨਮੀਤਪਾਲ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰ ਕਰਨ ਤੇ ਤੁਰੰਤ ਮੀਡੀਆ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਦੱਸ ਦਈਏ ਕਿ ਪਹਿਲਾਂ ਵੀ ਪੁਲਿਸ ਨੇ ਦਿਲਜੋਧ ਸਿੰਘ ਖਿਲਾਫ਼ ਮਾਮਲਾ ਦਰਜ ਕਰਨ ਵੇਲੇ ਨਰਮੀ ਦਿਖਾਈ ਸੀ, ਬਾਕੀ ਮਾਮਲਿਆਂ ਵਾਂਗ ਆਰਮਜ਼ ਐਕਟ ਦੀ ਧਾਰਾ ਨਹੀਂ ਲਾਈ ਗਈ ਸੀ। 21 ਨਵੰਬਰ ਐਫਆਈਆਰ ਜੇਰੇ ਦਫਾ 188 ਤੇ 336 ਤਹਿਤ ਮਾਮਲਾ ਦਰਜ ਹੋ ਚੁੱਕਾ ਹੈ। ਦਿਹਾਤੀ ਪੁਲਿਸ ਵੱਲੋਂ ਹੁਣ ਤੱਕ 12 ਦੇ ਕਰੀਬ ਅਜਿਹੇ ਮਾਮਲੇ ਦਰਜ ਕੀਤੇ ਗਏ ਹਨ।