ਪੰਜਾਬ ਨੂੰ ਧਰਨਾ ਮੁਕਤ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਲੋਕਾਂ ’ਤੇ ਕਰਵਾ ਰਹੀ ਲਾਠੀਚਾਰਜ: ਸ਼੍ਰੋਮਣੀ ਅਕਾਲੀ ਦਲ

 ਪੰਜਾਬ ਨੂੰ ਧਰਨਾ ਮੁਕਤ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਲੋਕਾਂ ’ਤੇ ਕਰਵਾ ਰਹੀ ਲਾਠੀਚਾਰਜ: ਸ਼੍ਰੋਮਣੀ ਅਕਾਲੀ ਦਲ

ਜ਼ੀਰਾ ਸ਼ਰਾਬ ਫੈਕਟਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕਰਨ ਨੂੰ ਲੈ ਕੇ ਮਾਨ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਧਰਨਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਹੱਕੀ ਮੰਗਾਂ ਲਈ ਧਰਨੇ ਦੇ ਰਹੇ ਲੋਕਾਂ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਅਕਾਲੀ ਦਲ ਨੇ ਲਾਠੀਚਾਰਜ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਪੰਜਾਬ ਵਾਸੀ ਝੂਠੇ ਪ੍ਰਚਾਰ ਤੋਂ ਗੁੰਮਰਾਹ ਹੋ ਕੇ ਵਿਕਾਸ ਦੀ ਥਾਂ ਵਿਨਾਸ਼ ਨੂੰ ਚੁਣ ਬੈਠੇ ਹਨ। ਕਦੇ ਧਰਨਾ ਮੁਕਤ ਪੰਜਾਬ ਦੀ ਦੁਹਾਈ ਦੇ ਕੇ ਸੱਤਾ ਹਥਿਆਉਣ ਵਾਲੀ ਬਦਲਾਅ ਵਾਲੀ ਸਰਕਾਰ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਬੈਠੇ ਲੋਕਾਂ ਤੇ ਨਿੱਤ ਦਿਨ ਅੱਤਿਆਚਾਰ ਕਰਕੇ ਲੋਕਤੰਤਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਸੂਬਾ ਸਰਕਾਰ ਦੇ ਇਸ ਤਾਨਾਸ਼ਾਹ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਦੱਸ ਦਈਏ ਕਿ ਕੜਾਕੇ ਦੀ ਠੰਢ ਦੇ ਬਾਵਜੂਦ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ’ਚ ਸਥਿਤ ਮਾਲਬਰੋਜ਼ ਸ਼ਰਾਬ ਫ਼ੈਕਟਰੀ ਦੇ ਬਾਹਰ ਲੱਗੇ ਧਰਨੇ ਵਿੱਚ ਮੰਗਲਵਾਰ ਨੂੰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ ਸੀ। ਪੁਲਿਸ ਨੇ ਕਿਸਾਨਾਂ ਉੱਪਰ ਲਾਠੀਚਾਰਜ ਕੀਤਾ।

ਖਿੱਚ-ਧੂਹ ਵਿੱਚ ਕੁਝ ਕਿਸਾਨ ਤੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ ਤੇ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਇੱਕ ਵੱਡਾ ਜੱਥਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਸ਼ਰਾਬ ਫੈਕਟਰੀ ਦੇ ਸਾਹਮਣੇ ਲੱਗੇ ਧਰਨੇ ਵਿੱਚ ਸ਼ਾਮਲ ਹੋਣ ਲਈ ਪੁੱਜਾ।

ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਧਰਨੇ ਵਿੱਚ ਸ਼ਾਮਲ ਹੋਣ ਦੀ ਜ਼ਿੱਦ ’ਤੇ ਅੜੇ ਰਹੇ। ਇਸ ਦੌਰਾਨ ਸ਼ੁਰੂ ਹੋਈ ਬਹਿਸ ਮਗਰੋਂ ਖਿੱਚ-ਧੂਹ ਵਿੱਚ ਬਦਲ ਗਈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ ਜਿਸ ਤੋਂ ਸਥਿਤੀ ਹੋਰ ਵਿਗੜ ਗਈ। ਧਰਨਾਕਾਰੀਆਂ ਨੇ ਵੀ ਅੱਗੋਂ ਲਾਠੀਚਾਰਜ ਦਾ ਜਵਾਬ ਲਾਠੀਆਂ ਨਾਲ ਦਿੱਤਾ।

Leave a Reply

Your email address will not be published. Required fields are marked *