News

ਪੰਜਾਬ ਨੂੰ ਦੋਹਰੀ ਮਾਰ, ਅੱਧੇ ਨਾਲੋਂ ਵੀ ਘੱਟ ਪਹੁੰਚਿਆ ਯੂਰੀਆ

ਕਿਸਾਨਾਂ ਦੇ ਧਰਨੇ ਵਿਚਾਲੇ ਹੁਣ ਰੌਲਾ ਇਹ ਵੀ ਪੈ ਰਿਹਾ ਹੈ ਕਿ ਪੰਜਾਬ ਵਿੱਚ ਮਾਲ ਗੱਡੀਆਂ ਨਹੀਂ ਚਲਾਈਆਂ ਜਾਣਗੀਆਂ। ਪੰਜਾਬ ਵਿੱਚ ਮਾਲ ਗੱਡੀਆਂ ਨਾ ਚੱਲਣ ਦੇ ਨਤੀਜੇ ਵਜੋਂ ਸੂਬੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਆ ਚੁੱਕੀ ਹੈ। ਸੂਬੇ ਵਿੱਚ ਬਿਜਲੀ ਦੇ 4-4 ਘੰਟੇ ਲਗਾਏ ਜਾ ਰਹੇ ਹਨ।

ਪੰਜਾਬ ਵਿੱਚ ਕਣਕ ਦੀ ਬਿਜਾਈ ਦੇ ਸੀਜ਼ਨ ਵਿੱਚ ਯੂਰੀਆ ਦਾ ਸੰਕਟ ਖੜ੍ਹਾ ਹੋ ਗਿਆ ਹੈ। ਪੰਜਾਬ ‘ਚ ਦਸੰਬਰ ਮਹੀਨੇ ਤਕ ਦਸ ਲੱਖ ਮੀਟ੍ਰਿਕ ਟਨ ਯੂਰੀਆ ਦੀ ਲੋੜ ਹੈ ਪਰ ਅਜੇ ਤਕ ਇਹ ਸਿਰਫ ਸਾਢੇ ਤਿੰਨ ਲੱਖ ਟਨ ਹੀ ਉਪਲਬਧ ਹੋ ਸਕੀ ਹੈ। ਅਕਤੂਬਰ ‘ਚ 1.43 ਲੱਖ ਟਨ ਤੇ ਨਵੰਬਰ ‘ਚ 1.98 ਲੱਖ ਤੇ ਦਸੰਬਰ ‘ਚ 7.5 ਲੱਖ ਟਨ ਯੂਰੀਆ ਦੀ ਲੋੜ ਪੈਂਦੀ ਹੈ।

ਮਾਹਿਰਾਂ ਮੁਤਾਬਕ ਨਵੰਬਰ ‘ਚ ਕੋਈ ਖਾਸ ਦਿੱਕਤ ਨਹੀਂ ਆਵੇਗੀ ਪਰ ਦਸੰਬਰ ‘ਚ ਯੂਰੀਆ ਦੀ ਕਮੀ ਕਾਰਨ ਖੇਤੀ ਪ੍ਰਭਾਵਿਤ ਹੋ ਸਕਦੀ ਹੈ। ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾ.ਬਲਦੇਵ ਸਿੰਘ ਨੇ ਦੱਸਿਆ ਮਾਲ ਗੱਡੀਆਂ ਨਾ ਚੱਲਣ ਕਾਰਨ ਕੁਝ ਕੰਪਨੀਆਂ ਹਰਿਆਣਾ ਤਕ ਯੂਰੀਆ ਮੰਗਵਾ ਕੇ ਉਸ ਨੂੰ ਟਰੱਕਾਂ ਜ਼ਰੀਏ ਪੰਜਾਬ ‘ਚ ਉਪਲਬਧ ਕਰਵਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਨੰਗਲ ਤੇ ਬਠਿੰਡਾ ਦੇ ਐਨਐਫਐਲ ਪਲਾਂਟ ‘ਚ ਰੋਜ਼ਾਨਾ ਇਕ ਹਜ਼ਾਰ ਟੰਨ ਯੂਰੀਆ ਤਿਆਰ ਹੋ ਰਿਹਾ ਹੈ। ਪਰ ਲੋੜ ਦੇ ਮੁਕਾਬਲੇ ਇਹ ਬਹੁਤ ਘੱਟ ਹੈ। ਜਦੋਂ ਤਕ ਮਾਲਗੱਡੀਆਂ ਨਹੀਂ ਚੱਲਣਗੀਆਂ ਉਦੋਂ ਤਕ ਇਹ ਸੰਕਟ ਗਰਮਾਇਆ ਰਹੇਗਾ।

ਡੀਏਪੀ ਤੇ ਯੂਰੀਆ ਸਿਰਫ ਕਣਕ ਲਈ ਹੀ ਲੋਂੜੀਦੇ ਨਹੀਂ ਸਗੋਂ ਆਲੂ ਤੇ ਮਟਰ ਦੀਆਂ ਫਸਲਾਂ ਲਈ ਵੀ ਇਸ ਦੀ ਲੋੜ ਹੈ। ਮੌਜੂਦਾ ਸਮੇਂ ਪੰਜਾਬ ‘ਚ ਦੋਵੇਂ ਫਸਲਾਂ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ। ਪੰਜਾਬ ਦੇ ਹਾਲਾਤ ਨਾਜ਼ੁਕ ਹੋ ਰਹੇ ਹਨ।

ਇਕ ਪਾਸੇ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਧਰਨਿਆਂ ‘ਤੇ ਡਟੇ ਕਿਸਾਨਾਂ ਦੀ ਆਵਾਜ਼ ਕੇਂਦਰ ਅਣਸੁਣੀ ਕਰ ਰਿਹਾ ਹੈ ਤੇ ਦੂਜੇ ਪਾਸੇ ਮਾਲ ਗੱਡੀਆਂ ਨਾ ਚਲਾਉਣ ਲਈ ਕੇਂਦਰ ਦਾ ਅੜੀਅਲ ਰਵੱਈਆ ਵੀ ਪੰਜਾਬ ਲਈ ਨੁਕਸਾਨਦੇਹ ਸਾਬਤ ਹੋ ਰਿਹਾ ਹੈ।  

Click to comment

Leave a Reply

Your email address will not be published. Required fields are marked *

Most Popular

To Top