ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੀ ਸਰਕਾਰ ਨੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਹੈ। ਪਰ ਇਸ ਦਾ ਸੱਚ ਕੁਝ ਹੋਰ ਹੀ ਹੈ। 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਬ੍ਰੇਕ ਲੱਗ ਗਈ ਹੈ ਕਿਉਂਕਿ ਅਗਲੇ ਕੁਝ ਹੀ ਦਿਨਾਂ ਵਿੱਚ ਚੋਣ ਜ਼ਾਬਤਾ ਲੱਗਣ ਵਾਲਾ ਹੈ।
ਉੱਧਰ, ਮੁਲਾਜ਼ਮਾਂ ਨੇ ਅੱਜ ਮੋਰਚਾ ਖੋਲ੍ਹਦਿਆਂ ਖੰਨਾ ਵਿੱਚ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਰਾਜਪਾਲ ਤੇ ਭਾਜਪਾ ਦੇ ਦਬਾਅ ਹੇਠ ਮੁਲਾਜ਼ਮਾਂ ਦੀ ਫਾਈਲ ਰੋਕਣ ਦੇ ਇਲਜ਼ਾਮ ਲਾਏ ਹਨ। ਰਾਜਪਾਲ ਨੇ ਵੀ ਸੀਐਮ ਚੰਨੀ ਨੂੰ ਜਵਾਬ ਦਿੱਤਾ ਹੈ ਤੇ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਉਸ ਫ਼ਾਈਲ ਦੀਆਂ ਖਾਮੀਆਂ ਦੂਰ ਨਹੀਂ ਕੀਤੀਆਂ ਗਈਆਂ।
ਇਸ ਸਭ ਦੇ ਵਿਚਾਲੇ ਮੁਲਾਜ਼ਮਾਂ ਦੇ ਸਾਹ ਸੂਤੇ ਹੋਏ ਹਨ। ਉਹਨਾਂ ਨੂੰ ਡਰ ਹੈ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਉਹਨਾਂ ਦੀ ਸੁਣਵਾਈ ਨਹੀਂ ਹੋਵੇਗੀ। ਅੱਜ ਮੁੱਖ ਮੰਤਰੀ ਚੰਨੀ ਅਫ਼ਸਰਾਂ ਦੀ ਟੀਮ ਸਮੇਤ ਰਾਜਪਾਲ ਨੂੰ ਮਿਲਣ ਜਾ ਸਕਦੇ ਹਨ ਜਿਸ ਵਿੱਚ ਫਾਈਲ ਦੀਆਂ ਇਹਨਾਂ ਤਰੁਟੀਆਂ ਬਾਰੇ ਚਰਚਾ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਚੋਣਾਂ ਨੇੜੇ ਹਨ ਤੇ ਅਜਿਹੇ ਵਿੱਚ ਸੀਐਮ ਚੰਨੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਇਸ ਫ਼ੈਸਲੇ ਨੂੰ ਲਾਗੂ ਕਰਵਾ ਕੇ ਚੁਣਾਵੀ ਲਾਭ ਲੈਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਫਾਈਲ ਕਲੀਅਰ ਨਹੀਂ ਕੀਤੀ ਗਈ ਤਾਂ ਉਹ ਮੰਤਰੀਆਂ ਸਮੇਤ ਰਾਜ ਭਵਨ ਬਾਹਰ ਧਰਨੇ ਤੇ ਬੈਠ ਜਾਣਗੇ।
ਸੀਐੱਮ ਚੰਨੀ ਵੱਲੋਂ ਪ੍ਰੈੱਸ ਵਾਰਤਾ ਦੌਰਾਨ ਇਲਜ਼ਾਮ ਲਾਏ ਗਏ ਸੀ ਕਿ ਉਨ੍ਹਾਂ ਵੱਲੋਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕਾਨੂੰਨ ਪਾਸ ਕੀਤਾ ਗਿਆ ਹੈ ਪਰ ਇਹ ਫਾਈਲ ਗਵਰਨਰ ਵੱਲੋਂ ਰੋਕੀ ਗਈ ਹੈ ਜਿਸ ਤੋਂ ਬਾਅਦ 2 ਵਾਰ ਮੁੱਖ ਸਕੱਤਰ ਵੀ ਗਵਰਨਰ ਕੋਲ ਜਾ ਆਏ ਹਨ ਪਰ ਫਿਰ ਵੀ ਫਾਈਲ ਪਾਸ ਨਹੀਂ ਕੀਤੀ ਗਈ ਜਿਸ ਤੋਂ ਸਪੱਸ਼ਟ ਹੈ ਕਿ ਰਾਜਨੀਤਕ ਦਬਾਅ ‘ਚ ਇਹ ਫਾਈਲ ਰੋਕੀ ਗਈ ਹੈ।
ਇਸ ਦੇ ਜਵਾਬ ‘ਚ ਗਵਰਨਰ ਪੁਰੋਹਿਤ ਨੇ ਸੀਐਮ ਚੰਨੀ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਗਲਤ ਦੱਸਿਆ ਸੀ ਤੇ ਕਿਹਾ ਸੀ ਕਿ ਫਾਈਲ ਨੂੰ 6 ਸਵਾਲਾਂ ਸਮੇਤ ਵਾਪਸ ਕੀਤਾ ਗਿਆ ਹੈ ਤੇ ਸੀਐਮ ਨੂੰ ਸਲਾਹ ਦਿੱਤੀ ਕਿ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣ।
ਗਵਰਨਰ ਨੇ ਕਿਹਾ ਕਿ ਵਿਧਾਨਸਭਾ ‘ਚ ਬਿੱਲ ਪਾਸ ਹੋਣ ਤੋਂ 20 ਦਿਨ ਬਾਅਦ ਰਾਜਪਾਲ ਨੂੰ ਭੇਜੀ ਗਈ ਸੀ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਨੇੜੇ ਆ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗ ਜਾਵੇਗਾ। ਇਸ ਤੋਂ ਪਹਿਲਾਂ ਹੀ ਸਰਕਾਰੀ ਕੰਮ ਹੋ ਸਕਦੇ ਹਨ।
