Punjab

ਪੰਜਾਬ ਦੇ ਸਿੱਖਿਆ ਮਹਿਕਮੇ ਨੇ ਲਾਕਡਾਊਨ ’ਚ ਕਰ ਵਿਖਾਇਆ ਵੱਡਾ ਕਾਰਨਾਮਾ, ਬਣਿਆ ਨੰਬਰ ਵਨ

ਕੋਰੋਨਾ ਲਾਕਡਾਊਨ ਕਾਰਨ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਗਈ ਸੀ। ਲਾਕਡਾਊਨ ਦੌਰਾਨ ਪੰਜਾਬ ਦੇ ਸਿੱਖਿਆ ਮਹਿਕਮੇ ਨੇ ਕਮਾਲ ਕਰ ਦਿੱਤਾ ਹੈ। ਪੰਜਾਬ ਹੁਣ ਪੂਰੇ ਦੇਸ਼ ਵਿੱਚ ਨੰਬਰ ਵਨ ਬਣ ਚੁੱਕਾ ਹੈ। ਇਸ ਦਾ ਖੁਲਾਸਾ ਇਕ ਤਾਜ਼ਾ ਸਰਵੇ ਵਿੱਚ ਹੋਇਆ ਹੈ।

ਸਰਵੇ ਮੁਤਾਬਕ ਦਿਹਾਤੀ ਇਲਾਕਿਆਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਨ ਸਮੱਗਰੀ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਪੰਜਾਬ ਪੂਰੇ ਦੇਸ਼ ਵਿੱਚ ਅੱਵਲ ਨੰਬਰ ਤੇ ਰਿਹਾ ਹੈ। ਸਰਵੇਖਣ ਮੁਤਾਬਕ ਰਾਜ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਲਗਪਗ 87.1 ਫ਼ੀਸਦੀ ਬੱਚਿਆਂ ਨੂੰ ਉਦੋਂ ਪੜ੍ਹਨ ਸਮੱਗਰੀ ਸਫ਼ਲਤਾਪੂਰਵਕ ਮੁਹੱਈਆ ਕਰਵਾਈ ਸੀ, ਜਦੋਂ ਸਾਰੇ ਸਕੂਲ ਛੇ ਮਹੀਨਿਆਂ ਲਈ ਬੰਦ ਰਹੇ ਸਨ।

ਪੰਜਾਬ ਦੇ ਪਿੰਡਾਂ ਦੇ ਸਕੂਲਾਂ ਬਾਰੇ 2020 ਦੀ ਸਾਲਾਨਾ ਵਿਦਿਅਕ ਸਰਵੇਖਣ ਰਿਪੋਰਟ (ASER) ਮੁਤਾਬਕ ਪੰਜਾਬ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦਾ ਨੰਬਰ ਆਉਂਦਾ ਹੈ, ਜਿੱਥੇ ਸਰਕਾਰੀ ਸਕੂਲਾਂ ਦੇ 85.4 ਫ਼ੀਸਦੀ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਹਾਸਲ ਹੋਈ ਸੀ।

ਇਸ ਸਰਵੇਖਣ ਰਾਹੀਂ ਦੂਰ ਰਹਿ ਕੇ ਸਿੱਖਿਆ ਦੇ ਪ੍ਰਬੰਧਾਂ ਤੇ ਪ੍ਰਣਾਲੀਆਂ ਤੇ ਦੇਸ਼ ਦੇ ਦਿਹਾਤੀ ਇਲਾਕਿਆਂ ਵਿੱਚ ਪੜ੍ਹਨ-ਸਮੱਗਰੀ ਮੁਹੱਈਆ ਕਰਵਾਉਣ ਦੀ ਗੁੰਜਾਇਸ਼ ਦਾ ਪਤਾ ਲਾਇਆ ਗਿਆ ਹੈ। ਇਸ ਸਰਵੇਖਣ ਤੋਂ ਜ਼ਾਹਿਰ ਹੋਇਆ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਨ-ਸਮੱਗਰੀ ਭੇਜਣ ਵਿੱਚ ਸਭ ਤੋਂ ਵੱਧ ਹਰਮਨਪਿਆਰੀ ਵਿਧੀ ‘ਵ੍ਹਟਸਐਪ’ ਰਹੀ ਹੈ।

ਇਸ ਸਰਵੇਖਣ ਤੋਂ ਇਹ ਵੀ ਉਜਾਗਰ ਹੋਇਆ ਹੈ ਕਿ ਬਹੁਤੇ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਨਾ ਮਿਲਣ ਦੇ ਦੋ ਵੱਡੇ ਕਾਰਣ ਕਿਹੜੇ ਸਨ: ਇੱਕ ਤਾਂ ਸੀ ਸਮਾਰਟਫ਼ੋਨਜ਼ ਦੀ ਘਾਟ ਤੇ ਦੂਜੇ ਅਧਿਆਪਕ ਓਨੇ ਉੱਦਮ ਨਹ਼ੀਂ ਕਰ ਰਹੇ ਸਨ, ਜਿੰਨੇ ਕਿ ਉਨ੍ਹਾਂ ਨੂੰ ਕਰਨੇ ਚਾਹੀਦੇ ਸਨ।

ਉਂਝ ਸਰਵੇਖਣ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਰਕਾਰੀ ਸਕੂਲਾਂ ’ਚ ਪੜ੍ਹਦੇ 83.3 ਫ਼ੀਸਦੀ ਬੱਚਿਆਂ ਕੋਲ ਸਮਾਰਟਫ਼ੋਨ ਹਨ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੌਕਡਾਊਨ ਲੱਗਣ ਤੋਂ ਬਾਅਦ ਉਨ੍ਹਾਂ ਤੁਰੰਤ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਨ ਸਮੱਗਰੀ ਤਿਆਰ ਕੀਤੀ ਸੀ।

ਇਸ ਤੋਂ ਇਲਾਵਾ ਵਿਭਾਗ ਨੇ ਡੀਡੀ ਪੰਜਾਬੀ ਤੇ ਸਵਯਮ ਪ੍ਰਭਾ ਚੈਨਲ ਉੱਤੇ ਵੀ ਪੜ੍ਹਨ ਸਮੱਗਰੀ ਨੂੰ ਪ੍ਰਸਾਰਿਤ ਕਰਵਾਇਆ ਸੀ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਸਾਡੇ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਸਾਡਾ ਸੂਬਾ ਅੱਵਲ ਰਿਹਾ ਹੈ। ਇਸ ਸਰਵੇਖਣ ਦੇ ਨਤੀਜਿਆਂ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਸੁਧਾਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਪੂਰੇ ਪ੍ਰਮਾਣ ਸਮੇਤ ਉਜਾਗਰ ਕਰ ਦਿੱਤਾ ਹੈ।  

Click to comment

Leave a Reply

Your email address will not be published. Required fields are marked *

Most Popular

To Top