ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਗ੍ਰਿਫ਼ਤਾਰ, ਹਾਈਕੋਰਟ ਨੇ ਲਾਈ ਜਮ ਕੇ ਫਟਕਾਰ

ਆਮਦਨ ਤੋਂ ਵੱਧ ਸੰਪੱਤੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁਮੇਧ ਸੈਣੀ ਨੇ ਬੁੱਧਵਾਰ ਦੀ ਰਾਤ ਹਵਾਲਾਤ ਵਿੱਚ ਗੁਜਾਰੀ ਹੈ ਅੱਜ ਸੁਮੇਧ ਸੈਣੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੈਣੀ ਖਿਲਾਫ਼ ਕਈ ਕੇਸ ਸਨ ਪਰ ਕਾਨੂੰਨੀ ਦਿਕਤਾਂ ਹੋਣ ਕਰਕੇ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ। ਪੰਜਾਬ ਵਿਜੀਲੈਂਸ ਨੇ ਸੈਕਟਰ 20 ਸਥਿਤ ਇੱਕ ਕੋਠੀ ਦੀ ਖਰੀਦ ਦੇ ਮਾਮਲੇ ਵਿੱਚ ਸੁਮੇਧ ਸੈਣੀ ਤੇ ਹਾਲ ਹੀ ਵਿੱਚ ਮੁਕੱਦਮਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਕੋਠੀ ਤੇ ਸੈਣੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਛਾਪੇਮਾਰੀ ਵੀ ਕੀਤੀ ਗਈ। ਵਿਜੀਲੈਂਸ ਨੇ ਜਾਂਚ ਦੌਰਾਨ ਸੁਮੇਧ ਸੈਣੀ ਦੀ ਕੋਠੀ ’ਚੋਂ ਕਈ ਜ਼ਰੂਰੀ ਦਸਤਾਵੇਜ਼ ਵੀ ਜ਼ਬਤ ਕੀਤੇ ਸਨ।

ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਉਹਨਾਂ ਨੇ ਹਾਈਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਉੱਚ ਅਦਾਲਤ ਨੇ ਉਹਨਾਂ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੀ ਸ਼ਰਤ ਤੇ ਅੰਤਿਮ ਜ਼ਮਾਨਤ ਦਿੱਤੀ ਹੈ ਜਿਸ ਤੋਂ ਬਾਅਦ ਬੁੱਧਵਾਰ ਨੂੰ ਸੈਣੀ ਅਪਣੇ ਵਕੀਲਾਂ ਨਾਲ ਦੇਰ ਸ਼ਾਮ ਵਿਜੀਲੈਂਸ ਦਫ਼ਤਰ ਪਹੁੰਚੇ ਜਿੱਥੇ ਪੁਛਗਿੱਛ ਦੌਰਾਨ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ।
ਆਮਦਨ ਤੋਂ ਵੱਧ ਸੰਪੱਤੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 12 ਅਗਸਤ ਨੂੰ ਸੁਮੇਧ ਸਿੰਘ ਸੈਣੀ ਨੂੰ ਅੰਤਿਮ ਜ਼ਮਾਨਤ ਦਿੱਤੀ ਸੀ ਅਤੇ ਜਾਂਚ ਵਿੱਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਅਪਣਾ ਪਾਸਪੋਰਟ ਅਦਾਲਤ ਵਿੱਚ ਜਮਾਂ ਕਰਵਾ ਦੇਣ ਅਤੇ ਦੇਸ਼ ਛੱਡ ਕੇ ਨਾ ਜਾਣ। ਵਿਜੀਲੈਂਸ ਦੁਆਰਾ ਕੋਈ ਵੀ ਨਵੀਂ ਧਾਰਾ ਜੋੜ ਕੇ ਕਾਰਵਾਈ ਕਰਨ ਤੋਂ ਪਹਿਲਾਂ ਹਾਈਕੋਰਟ ਦੀ ਆਗਿਆ ਜ਼ਰੂਰੀ ਕਰਨ ਦੀ ਅਪੀਲ ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਉਹਨਾਂ ਨੂੰ ਜਮ ਕੇ ਫਟਕਾਰ ਲਾਈ ਹੈ।
ਹਾਈਕੋਰਟ ਨੇ ਕਿਹਾ ਕਿ, ‘ਉਹ ਵਾਰ-ਵਾਰ ਅਰਜ਼ੀ ਦਾਖਲ ਕਰ ਕਾਨੂੰਨੀ ਪ੍ਰਕਿਰਿਆ ਦਾ ਦੁਰਉਪਯੋਗ ਨਾ ਕਰਨ। ਹਾਈਕੋਰਟ ਦੇ ਇਸ ਰੁਖ ਤੋਂ ਬਾਅਦ ਸੈਣੀ ਨੇ ਅਪਣੀ ਅਰਜ਼ੀ ਵਾਪਸ ਲੈ ਲਈ। ਪਤਾ ਲੱਗਿਆ ਹੈ ਕਿ ਵਿਜੀਲੈਂਸ ਅਧਿਕਾਰੀਆਂ ’ਤੇ ਸਾਬਕਾ ਡੀਜੀਪੀ ਦਰਮਿਆਨ ਇਸ ਮੌਕੇ ਤਲਖਕਲਾਮੀ ਵੀ ਹੋਈ। ਸੈਣੀ ਤੋਂ ਪੁੱਛ-ਗਿੱਛ ਦੌਰਾਨ ਹੀ ਵਿਜੀਲੈਂਸ ਅਫਸਰਾਂ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਫ਼ੈਸਲਾ ਕੀਤਾ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਭ੍ਰਿਸ਼ਟਾਚਾਰ ਕੇਸ ਤੋਂ ਇਲਾਵਾ ਇੱਕ ਹੋਰ ਕੇਸ ’ਚ ਵੀ ਇਹ ਗ੍ਰਿਫ਼ਤਾਰੀ ਹੋਈ ਹੈ।
