ਪੰਜਾਬ ਦੇ ਮੁੱਖ ਮੰਤਰੀ ਵਜੋਂ ਅੱਜ ਸਹੁੰ ਚੁੱਕਣਗੇ ਭਗਵੰਤ ਮਾਨ, ਕੇਜਰੀਵਾਲ ਵੀ ਹੋਣਗੇ ਸ਼ਾਮਲ

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਦੁਪਹਿਰ 12.30 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪੰਜਾਬ ਭਰ ਤੋਂ ਤਿੰਨ ਲੱਖ ਲੋਕਾਂ ਦੇ ਇਕੱਠੇ ਹੋਣ ਦਾ ਦਾਅਵਾ ਕੀਤਾ ਗਿਆ ਹੈ। ਮਾਨ ਨੇ ਵਿਸ਼ੇਸ਼ ਤੌਰ ‘ਤੇ ਮਰਦਾਂ ਨੂੰ ਬਸੰਤੀ ਦਸਤਾਰ ਅਤੇ ਔਰਤਾਂ ਨੂੰ ਬਸੰਤੀ ਦੁਪੱਟਾ ਪਹਿਨਣ ਦੀ ਅਪੀਲ ਕੀਤੀ ਹੈ। ਭਗਵੰਤ ਮਾਨ ਨੇ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਲਿਖਿਆ ” ਸੂਰਜ ਦੀ ਸੁਨਿਹਰੀ ਕਿਰਨ ਅੱਜ ਇਕ ਨਵੀਂ ਸਵੇਰ ਲੈ ਕੇ ਆਈ ਹੈ।

ਅੱਜ ਪੂਰਾ ਪੰਜਾਬ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸਹੁੰ ਚੁੱਕੇਗਾ। ਸ਼ਹੀਦ ਭਗਤ ਸਿੰਘ ਜੀ ਦੀ ਸੋਚ ‘ਤੇ ਪਹਿਰਾ ਦੇਣ ਲਈ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਰਵਾਨਾ ਹੋ ਰਿਹਾ ਹਾਂ। ਦੱਸ ਦਈਏ ਕਿ ਅੱਜ ਖਟਕੜ ਕਲਾਂ ਵਿਖੇ ਭਗਵੰਤ ਮਾਨ ਵਲੋਂ ਪੰਜਾਬ ਦੇ ਮੁਖ ਮੰਤਰੀ ਵਜੋਂ ਸਹੁੰ ਚੁੱਕੀ ਜਾਵੇਗੀ।
ਭਗਵੰਤ ਮਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਲਈ ਡਰੈੱਸ ਕੋਡ ਦਾ ਐਲਾਨ ਕੀਤਾ ਹੈ। ਇਸ ਵਿੱਚ ਪੁਰਸ਼ਾਂ ਨੂੰ ਪੀਲੀ ਪੱਗ ਅਤੇ ਔਰਤਾਂ ਨੂੰ ਪੀਲੀ ਚੁੰਨੀ ਲੈਣ ਦੀ ਅਪੀਲ ਕੀਤੀ ਗਈ ਹੈ। ਇੰਨਾ ਹੀ ਨਹੀਂ ਸਮਾਗਮ ਵਾਲੀ ਥਾਂ ਦੇ ਪੰਡਾਲ ਨੂੰ ਵੀ ਪੀਲੇ ਰੰਗ ਨਾਲ ਸਜਾਇਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਅੱਜ ਦਾ ਦਿਨ ਪੰਜਾਬ ਲਈ ਬਹੁਤ ਵੱਡਾ ਦਿਨ ਹੈ।
ਨਵੀਂ ਉਮੀਦ ਦੀ ਇਸ ਸੁਨਹਿਰੀ ਸਵੇਰ ਵਿੱਚ ਅੱਜ ਸਾਰਾ ਪੰਜਾਬ ਇੱਕਠੇ ਹੋ ਕੇ ਇੱਕ ਖੁਸ਼ਹਾਲ ਪੰਜਾਬ ਬਣਾਉਣ ਦਾ ਪ੍ਰਣ ਲਵੇਗਾ। ਉਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਮੈਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਵੀ ਰਵਾਨਾ ਹੋਇਆ ਹਾਂ।
ਭਗਵੰਤ ਮਾਨ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਪਹਿਲੇ ਮੁੱਖ ਮੰਤਰੀ ਵਜੋਂ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹਲਫ਼ ਲੈ ਰਹੇ ਹਨ। ਅੱਜ ਇਕੱਲੇ ਭਗਵੰਤ ਮਾਨ ਹੀ ਸਹੁੰ ਚੁੱਖਣਗੇ ਜਦੋਂਕਿ ਉਨ੍ਹਾਂ ਦੀ ਕੈਬਨਿਟ 19 ਮਾਰਚ ਨੂੰ ਹਲਫ ਲਵੇਗੀ। ਇਸ ਦੇ ਨਾਲ ਹੀ ਪੰਜਾਬ ਦੇ ਸਮੁੱਚੇ 117 ਵਿਧਾਇਕਾਂ ਨੂੰ 17 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਸਹੁੰ ਚੁਕਾਈ ਜਾਵੇਗੀ।
