ਪੰਜਾਬ ਦੇ ਨੌਜਵਾਨਾਂ ਨੂੰ ਜਨਵਰੀ ਦੇ ਪਹਿਲੇ ਹਫ਼ਤੇ ਨਵੇਂ ਸਾਲ ਦਾ ਦਿੱਤਾ ਜਾਵੇਗਾ ਤੋਹਫ਼ਾ: ਸੀਐਮ ਮਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁੱਕਰਵਾਰ ਨੂੰ ਮਾਰਕਫੈੱਡ ਵਿੱਚ ਭਰਤੀ ਹੋਏ ਨੌਜਵਾਨਾਂ ਨੂੰ ਮਿਊਂਸੀਪਲ ਭਵਨ ਵਿੱਚ ਨਿਯੁਕਤੀ ਪੱਤਰ ਵੰਡੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਨਵਰੀ ਦੇ ਪਹਿਲੇ ਹਫ਼ਤੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ 3000 ਤੋਂ ਵੱਧ ਮਾਸਟਰ ਕੈਡਰ ਦੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਜਾਣਗੇ।
ਉਹਨਾਂ ਕਿਹਾ ਕਿ ਆਮ ਤੌਰ ਤੇ ਜਿਹੜੇ ਰਵਾਇਤੀ ਸਿਆਸਤਦਾਨ ਹਨ, ਉਹਨਾਂ ਨੂੰ ਸਰਕਾਰ ਵੱਲੋਂ ਦੀਵਾਲੀ ਵੇਲੇ ਆਈਪੈਡ, ਆਈਫੋਨ ਜਾਂ ਹੋਰ ਮਹਿੰਗੇ-ਮਹਿੰਗੇ ਤੋਹਫ਼ੇ ਦਿੱਤੇ ਜਾਂਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮਾਰਕਫੈੱਡ ਦੀ ਪੂਰੀ ਟੋਕਰੀ ਪੈਕ ਕਰਕੇ ਸਿਆਸਤਦਾਨਾਂ ਦੇ ਘਰ ਭੇਜੀ ਗਈ, ਜਿਸ ਵਿੱਚ ਸਰ੍ਹੋਂ ਦਾ ਤੇਲ, ਸੋਇਆਬੀਨ ਦਾ ਤੇਲ, ਕਾਰਨਫਲੇਕਸ, ਸਰ੍ਹੋਂ ਦੇ ਸਾਗ ਦਾ ਪੈਕ, ਲੀਚੀ, ਆਚਾਰ, ਸ਼ਹਿਦ ਆਦਿ ਸ਼ਾਮਲ ਸਨ।
ਉਹਨਾਂ ਕਿਹਾ ਕਿ ਕਈਆਂ ਨੇ ਇਹ ਤੱਕ ਵੀ ਕਹਿ ਦਿੱਤਾ ਕਿ ਇਹ ਸਾਨੂੰ ਦੁਬਾਰਾ ਭੇਜੋ। ਉਹਨਾਂ ਕਿਹਾ ਕਿ ਮਾਰਕਫੈੱਡ ਇੱਕ ਬਹੁਤ ਵੱਡਾ ਅਦਾਰਾ ਹੈ, ਜਿਸ ਕੋਲ ਬਹੁਤ ਸਾਰੇ ਪ੍ਰੋਡਕਟ ਹਨ, ਜੋ ਪੂਰੀ ਦੁਨੀਆ ਵਿੱਚ ਜਾ ਸਕਦੇ ਹਨ। ਉਹਨਾਂ ਕਿਹਾ ਕਿ ਪਠਾਨਕੋਟ ਦੀ ਲੀਚੀ ਸਭ ਤੋਂ ਮਿੱਠੀ ਹੈ ਅਤੇ ਜੇ ਪ੍ਰੋਸੈਸਿੰਗ ਕੀਤੀ ਜਾਵੇ ਤਾਂ ਇਹ ਲੀਚੀ ਪੂਰੀ ਦੁਨੀਆ ਵਿੱਚ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਪੰਜਾਬ ਦਾ ਗੁੜ, ਆਲੂ, ਟਮਾਟਰ, ਅਮਰੂਦ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਉਹਨਾਂ ਕਿਹਾ ਕਿ ਇਸ ਦੇ ਲਈ ਅਸੀਂ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਪ੍ਰਮੋਟ ਕਰ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਮੈਨੂਫੈਕਚਰ ਹੋਣ ਵਾਲੇ 80 ਫ਼ੀਸਦੀ ਟਰੈਕਟਰ ਪੰਜਾਬ ਵਿੱਚ ਬਣਦੇ ਹਨ। ਉਹਨਾਂ ਕਿਹਾ ਕਿ ਸਰਕਾਰ ਬਣਨ ਤੋਂ ਹੁਣ ਤੱਕ 30 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਵਿੱਚ ਆ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 21,404 ਨੌਕਰੀਆਂ ਸਾਡੀ ਸਰਕਾਰ ਵੱਲੋਂ ਦਿੱਤੀਆਂ ਜਾ ਚੁੱਕੀਆਂ ਹਨ।