ਪੰਜਾਬ ਦੇ ਨਾਲ ਹੋਰਨਾਂ ਸੂਬਿਆਂ ’ਚ ਬਦਲਿਆ ਮੌਸਮ ਦਾ ਮਿਜਾਜ਼

ਦਿੱਲੀ ਵਿੱਚ ਇਕ ਵਾਰ ਫਿਰ ਤੋਂ ਮੌਸਮ ਬਦਲਿਆ ਹੈ। ਅੱਜ ਸਵੇਰੇ ਬਿਜਲੀ ਦੀ ਗਰਜ ਨਾਲ ਹਲਕਾ ਮੀਂਹ ਪਿਆ ਹੈ। ਉੱਥੇ ਹੀ ਪੰਜਾਬ, ਹਰਿਆਣਾ ਅਤੇ ਹੋਰ ਕਈ ਇਲਾਕਿਆਂ ਵਿੱਚ ਹਲਕੀ ਵਰਖਾ ਹੋਈ ਹੈ। ਇਸ ਨਾਲ ਠੰਡੀਆਂ ਹਵਾਵਾਂ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਦਸ ਦਈਏ ਕਿ ਇਸ ਤੋਂ ਦੋ ਦਿਨ ਪਹਿਲਾਂ ਵੀ ਦਿੱਲੀ ਵਿੱਚ ਤੂਫ਼ਾਨ ਅਤੇ ਗਰਜ ਨਾਲ ਹਲਕਾ ਮੀਂਹ ਪਿਆ ਸੀ ਜਿਸ ਤੋਂ ਬਾਅਦ ਮੌਸਮ ਵਿੱਚ ਕਾਫ਼ੀ ਬਦਲਾਅ ਦੇਖਣ ਨੂੰ ਮਿਲਿਆ ਸੀ।

ਅਚਾਨਕ ਬਦਲੇ ਮੌਸਮ ਕਾਰਨ ਅੱਜ ਸਵੇਰੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਨੇਰਾ ਛਾਇਆ ਰਿਹਾ। ਭਾਰਤੀ ਮੌਸਮ ਵਿਗਿਆਨ ਭਵਨ ਅਨੁਸਾਰ ਸਵੇਰੇ 5:30 ਵਜੇ ਘੱਟੋ-ਘੱਟ ਤਾਪਮਾਨ 18. ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 20.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਮੀਂਹ ਕਾਰਨ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ 17 ਮਾਰਚ ਤਕ ਮੀਂਹ ਪੈਣ ਦੀ ਜਾਣਕਾਰੀ ਦਿੱਤੀ ਗਈ ਹੈ।
ਮੌਸਮ ਵੀ ਠੰਡਾ ਹੀ ਰਹੇਗਾ ਅਤੇ ਹਲਕੇ ਬੱਦਲ਼ ਛਾਏ ਰਹਿਣਗੇ। ਦਿੱਲੀ ਵਿੱਚ 13 ਤੋਂ 17 ਮਾਰਚ ਤਕ ਤਾਪਮਾਨ 16 ਡਿਗਰੀ ਰਹੇਗਾ ਅਤੇ ਹਲਕੀ ਧੁੰਦ ਰਹਿਣ ਦੀ ਵੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਅਗਲੇ ਦੋ-ਤਿੰਨ ਦਿਨਾਂ ਵਿੱਚ ਹਲਕੀ ਵਰਖਾ ਹੋਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਮੌਸਮ ਵਿਭਾਗ ਨੇ ਦਸਿਆ ਕਿ ਉਤਰ ਭਾਰਤ ਦੇ ਪਹਾੜਾਂ ’ਤੇ ਇਸ ਹਫ਼ਤੇ ਦੋ ਤੋਂ ਤਿੰਨ ਪੱਛਮੀ ਗੜਬੜੀ ਆਵੇਗੀ ਜਿਸ ਦੇ ਚਲਦੇ ਯੂਪੀ ਬਿਹਾਰ, ਮੱਧ ਪ੍ਰਦੇਸ਼ ਅਤੇ ਦੂਜੇ ਸੂਬਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ।
ਪੱਛਮੀ ਗੜਬੜੀ ਭਾਰਤ ਦੇ ਮੌਸਮ ਨੂੰ ਲਗਾਤਾਰ ਪ੍ਰਭਾਵਿਤ ਕਰਦੀ ਹੈ। ਉੱਥੇ ਹੀ ਮੌਸਮ ਵਿੱਚ ਬਦਲਾਅ ਹੋਣ ਕਾਰਨ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਰਹੀ ਹੈ। ਜਮਸ਼ੇਦਪੁਰ ਵਿੱਚ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।
