ਪੰਜਾਬ ਦੇ ਥਰਮਲ ਪਲਾਂਟ ਫਿਰ ਤੋਂ ਹੋਏ ਚਾਲੂ, ਬਿਜਲੀ ਸੰਕਟ ਤੋਂ ਮਿਲੇਗਾ ਛੁਟਕਾਰਾ

ਪੰਜਾਬ ਵਿੱਚ ਯਾਤਰੀ ਅਤੇ ਮਾਲ ਗੱਡੀਆਂ ਬਹਾਲ ਹੋ ਚੁੱਕੀਆਂ ਹਨ। ਰੇਲ ਸੇਵਾ ਸ਼ੁਰੂ ਹੋਣ ਨਾਲ ਜਿੱਥੇ ਰੇਲਵੇ ਨੇ ਥੋੜ੍ਹਾ ਸੁੱਖ ਦਾ ਸਾਹ ਲਿਆ ਉੱਥੇ ਹੀ ਪਾਵਰਕੌਮ ਨੂੰ ਵੀ ਵੱਡੀ ਰਾਹਤ ਮਿਲੀ ਹੈ। ਮਾਲ ਗੱਡੀਆਂ ਚੱਲਣ ਮਗਰੋਂ ਬਠਿੰਡਾ ਤੇ ਤਲਵੰਡੀ ਸਾਬੋ ਤੇ ਰਾਜਪੁਰਾ ਨਾਭਾ ਥਰਮਲ ਪਲਾਂਟ ਵਿੱਚ ਕੋਲੇ ਦਾ ਪਹਿਲਾ ਸਟਾਕ ਪਹੁੰਚ ਗਿਆ ਹੈ।

ਦਸ ਦਈਏ ਕਿ ਤਲਵੰਡੀ ਸਾਬੋ ਵਿੱਚ 1 ਰੈਕ ਤੇ ਰਾਜਪੁਰਾ ਵਿੱਚ 5 ਕੋਲੇ ਦੇ ਰੈਕ ਪਹੁੰਚ ਗਏ ਹਨ। ਦਰਅਸਲ, ਬਠਿੰਡਾ ਦੇ ਤਲਵੰਡੀ ਸਾਬੋ ਵਾਲਾ ਥਰਮਲ ਪਲਾਂਟ ਪੰਜਾਬ ‘ਚ 2000 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਰਾਜਪੁਰਾ ਨਾਭਾ ਤਕਰੀਬਨ 1400 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ।
ਜਦਕਿ ਤਿੰਨ ਹੋ ਛੋਟੇ ਥਰਮਲ ਪਲਾਂਟ ਹਨ ਜੋ ਪੰਜਾਬ ‘ਚ ਬਿਜਲੀ ਦੀ ਕਮੀ ਪੈਦਾ ਨਹੀਂ ਹੋਣ ਦਿੰਦੇ। ਇਸ ਲਈ ਸਭ ਤੋਂ ਪਹਿਲਾਂ ਇਨ੍ਹਾਂ ਦੋਨਾਂ ਵੱਡੇ ਥਰਮਲ ਪਲਾਂਟਾਂ ਨੂੰ ਕੋਲਾ ਪਹੁੰਚਾਇਆ ਗਿਆ ਹੈ। ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਰੇਲਵੇ ਵਿਭਾਗ ਵੱਲੋਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਸਨ।
ਇਸ ਕਾਰਨ ਪੰਜਾਬ ਵਿੱਚ ਕੋਲੇ ਦੀ ਘਾਟ ਹੋ ਗਈ ਸੀ। ਇਸ ਲਈ ਪੰਜਾਬ ਦੇ ਪੰਜੋਂ ਥਰਮਲ ਪਲਾਂਟ ਬੰਦ ਕਰਨੇ ਪੈ ਗਏ ਸੀ। ਪੰਜਾਬ ਅੰਦਰ ਬਿਜਲੀ ਸੰਕਟ ਪੈਦਾ ਹੋ ਗਿਆ ਸੀ ਪਰ ਹੁਣ ਟ੍ਰੇਨਾਂ ਚੱਲਣ ਕਾਰਨ ਇਸ ਸੰਕਟ ਤੋਂ ਬਚਣ ਦੀ ਉਮੀਦ ਜਾਗੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਹੋਰ ਵਸਤਾਂ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ।
