ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਵੱਡਾ ਲਾਭ, ਰੂਸ-ਯੂਕਰੇਨ ਦੀ ਜੰਗ ਕਰਕੇ ਵਧੀ ਕਣਕ ਦੀ ਮੰਗ

ਰੂਸ ਅਤੇ ਯੂਕਰੇਨ ਜੰਗ ਕਾਰਨ ਖਾਣ ਪੀਣ ਦੇ ਸਮਾਨ ਵਿੱਚ ਦਿਕਤ ਆ ਰਹੀ ਹੈ। ਉੱਥੇ ਹੀ ਪੰਜਾਬ ਦੀਆਂ ਸੁਨਸਾਨ ਪਈਆਂ ਮੰਡੀਆਂ ਉਮੀਦਾਂ ਨਾਲ ਮਹਿਕਣ ਲੱਗੀਆਂ ਹਨ। ਪੰਜਾਬ ਦੇ ਆੜ੍ਹਤੀਆਂ ਤੇ ਕਿਸਾਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਹੈ ਕਿਉਂ ਕਿ ਅੰਤਰਰਾਸ਼ਟਰੀ ਮੰਡੀ ਵਿੱਚ ਕਣਕ ਦੀ ਵਧਦੀ ਮੰਗ ਦਰਮਿਆਨ ਪੰਜਾਬ ਨੂੰ ਵਿਦੇਸ਼ਾਂ ਤੋਂ ਵੀ ਆਰਡਰ ਮਿਲਣੇ ਸ਼ੁਰੂ ਹੋ ਗਏ ਹਨ।
ਆਈਟੀਸੀ ਤੇ ਅਡਾਨੀ ਗਰੁੱਪ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਪੰਜਾਬ ਦੀਆਂ ਅਨਾਜ ਮੰਡੀਆਂ ਦਾ ਰੁਖ ਕਰ ਲਿਆ ਹੈ। ਰੂਸ ਤੇ ਯੂਕਰੇਨ ਦੁਨੀਆ ਦੇ ਮੁੱਖ ਕਣਕ ਨਿਰਯਾਤਕ ਦੇਸ਼ ਹਨ। ਦੋਵਾਂ ਵਿਚਾਲੇ ਜੰਗ ਚੱਲ ਰਹੀ ਹੈ, ਇਸ ਲਈ ਉਥੋਂ ਕਣਕ ਬਰਾਮਦ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ। ਭਾਰਤ ਨੂੰ ਇਸ ਦਾ ਲਾਭ ਮਿਲਣ ਦੀਆਂ ਸੰਭਾਵਨਾਵਾਂ ਨੇ ਖਾਸ ਕਰਕੇ ਪੰਜਾਬ ਦੇ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ।
ਇਸ ਸਮੇਂ ਅਜੇ ਕਣਕ ਦੀ ਵਾਢੀ ਨਹੀਂ ਹੁੰਦੀ, ਇਸ ਲਈ ਮੰਡੀ ਆਮ ਤੌਰ ਤੇ ਸੁੰਨਸਾਨ ਰਹਿੰਦੀ ਹੈ ਪਰ ਰੂਸ-ਯੂਕਰੇਨ ਜੰਗ ਕਾਰਨ ਭਾਰਤ ਤੇ ਵਿਦੇਸ਼ਾਂ ਦੇ ਵੱਡੇ ਕਣਕ ਬਰਾਮਦਕਾਰਾਂ ਨੇ ਪੰਜਾਬ ਵੱਲ ਰੁਖ ਕੀਤਾ ਹੈ। ਇਹਨਾਂ ਵਿੱਚ ਆਈਟੀਸੀ ਤੇ ਅਡਾਨੀ ਗਰੁੱਪ ਵਰਗੇ ਵੱਡੇ ਨਾਂ ਸ਼ਾਮਲ ਹਨ। ਇਸ ਵੇਲੇ ਇੱਥੇ ਅਨਾਜ ਵਪਾਰੀਆਂ ਵੱਲੋਂ ਕਣਕ ਦੀ ਨਵੀਂ ਫ਼ਸਲ ਆਉਣ ਤੋਂ ਬਾਅਦ ਖੰਨਾ ਮੰਡੀ ਵਿੱਚ ਹੀ 200 ਮਿਲੀਅਨ ਟਨ ਭੰਡਾਰਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਉਧਰ ਗੁਜਰਾਤ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿੱਚ ਟੈਕਸ ਘੱਟ ਹੋਣ ਕਾਰਨ ਕਣਕ ਸਸਤੀ ਹੈ। ਪੰਜਾਬ ਦੇ ਵਪਾਰੀ ਸੂਬੇ ‘ਚ ਲਗਾਏ ਜਾਣ ਵਾਲੇ ਟੈਕਸ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਅਨਾਜ ਵਪਾਰੀਆਂ ਨੇ ਉਮੀਦ ਜਤਾਈ ਹੈ ਕਿ ਨਵੇਂ ਮੁੱਖ ਮੰਤਰੀ ਟੈਕਸਾਂ ਵਿੱਚ ਕਟੌਤੀ ਕਰਨਗੇ ਤਾਂ ਜੋ ਪ੍ਰਾਈਵੇਟ ਵਪਾਰੀ ਵੀ ਸਹੀ ਰੇਟ ’ਤੇ ਵੇਚ ਸਕਣ।
