ਪੰਜਾਬ ਦੀ ਸਰਹੱਦ ‘ਤੇ ਕਿਸਾਨਾਂ ਨੇ ਝੁਲਾਇਆ ਖਾਲਸਾਹੀ ਨਿਸ਼ਾਨ ਸਾਹਿਬ

ਕਿਸਾਨ ਅਪਣੀਆਂ ਮੰਗਾਂ ਮਨਵਾਉਣ ਲਈ ਹਰ ਤਰੀਕਾ ਅਪਣਾ ਰਹੇ ਹਨ। ਇਸੇ ਕੜੀ ਤਹਿਤ ਕੌਮੀ ਸ਼ਾਹ ਮਾਰਗ ਨੰਬਰ 44 ਰਾਜਪੁਰਾ-ਅੰਬਾਲਾ ਰੋਡ ਤੇ ਸ਼ੰਭੂ ਬਾਰਡਰ ਨੇੜੇ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਹੈ।

ਉੱਥੇ ਹੀ ਪਾਰਟੀ ਦੇ ਕਾਰਕੁੰਨਾਂ ਨੇ ਧਰਨੇ ਵਾਲੀ ਥਾਂ ਤੇ ਸੜਕ ਕਿਨਾਰੇ ਪੱਕੇ ਤੌਰ ਤੇ ਥੜ੍ਹਾ ਬਣਾ ਕੇ ਸਰਕਾਰ-ਏ-ਖਾਲਸਾ ਦਾ ਨਿਸ਼ਾਨ ਸਾਹਿਬ ਗੱਡ ਦਿੱਤਾ ਹੈ ਜਿਸ ਨੂੰ ਲੈ ਕੇ ਪੁਲਿਸ ਨੂੰ ਹੱਥਾਂ ਪੈਰਾ ਦੀ ਪੈ ਗਈ ਹੈ। ਜਾਣਕਾਰੀ ਮੁਤਾਬਕ ਕਿਸਾਨ ਯੂਨੀਅਨ (ਅੰਮ੍ਰਿਤਸਰ) ਵੱਲੋਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿੱਚ ਪਾਰਟੀ ਦੇ ਕਾਰਕੁਨਾਂ ਵੱਲੋਂ ਅੱਜ ਸੰਭੂ ਬੈਰੀਅਰ ਨੇੜੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ।
ਇਸ ‘ਤੇ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਰਦਾਸ ਕਰਨ ਤੋਂ ਬਾਅਦ ਪੱਕਾ ਥੜ੍ਹਾ ਬਣਾ ਕੇ ਸਰਕਾਰ ਏ ਖਾਲਸਾ ਦਾ ਨਿਸ਼ਾਨ ਸਾਹਿਬ ਸੁਸ਼ੋਬਿਤ ਕੀਤਾ ਗਿਆ ਹੈ। ਪੁਲਿਸ ਨੇ ਪਾਰਟੀ ਨੂੰ ਨਿਸ਼ਾਨ ਸਾਹਿਬ ਹਟਾਉਣ ਲਈ ਕਿਹਾ ਪਰ ਪਾਰਟੀ ਨੇ ਉਹਨਾਂ ਦੀ ਇਕ ਨਾ ਸੁਣੀ ਤੇ ਅਪਣੀ ਜ਼ਿਦ ਤੇ ਅੜੀ ਰਹੀ।
ਉਹਨਾਂ ਕਿਹਾ ਕਿ ਜੇ ਇਹ ਨਿਸ਼ਾਨ ਸਾਹਿਬ ਹਟਾਇਆ ਗਿਆ ਤਾਂ ਕਿਸਾਨ ਮੋਰਚੇ ਦੇ ਨਾਲ-ਨਾਲ ਨਿਸ਼ਾਨ ਸਾਹਿਬ ਦਾ ਮੋਰਚਾ ਵੱਖਰੇ ਤੌਰ ਤੇ ਲੱਗੇਗਾ। ਜਦੋਂ ਤਕ ਮੋਦੀ ਸਰਕਾਰ ਖ਼ਿਲਾਫ ਕਿਸਾਨ ਯੂਨੀਅਨ ਅੰਮ੍ਰਿਤਸਰ ਦਾ ਧਰਨਾ ਸ਼ੰਭੂ ਬੈਰੀਅਰ ਤੇ ਰਹੇਗਾ ਉਦੋਂ ਤਕ ਸ਼ੰਭੂ ਬੈਰੀਅਰ ਤੇ ਨਿਸ਼ਾਨ ਸਾਹਿਬ ਝੂਲਦਾ ਰਹੇਗਾ।
