ਪੰਜਾਬ ਦੀ ਮਾਨ ਸਰਕਾਰ ਕਰੇਗੀ ਸ਼ਹਿਰਾਂ ‘ਚ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ, ਨਗਰ ਨਿਗਮਾਂ ਤੋਂ ਮੰਗੀ ਗਈ ਰਿਪੋਰਟ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਸ਼ਹਿਰੀ ਇਲਾਕਿਆਂ ’ਚ ਹੋਣ ਵਾਲੇ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜ਼ਿਆਦਾਤਰ ਛੋਟੇ-ਵੱਡੇ ਵਿਕਾਸ ਕੰਮਾਂ ਦੇ ਉਦਘਾਟਨ ਜਾਂ ਨੀਂਹ ਪੱਥਰ ਰੱਖਣ ਦਾ ਕੰਮ ਵਿਧਾਇਕਾਂ ਜਾਂ ਮੰਤਰੀਆਂ ਵੱਲੋਂ ਕੀਤਾ ਜਾ ਰਿਹਾ ਹੈ ਪਰ ਆਉਣ ਵਾਲੇ ਸਮੇਂ ਦੌਰਾਨ ਮੁੱਖ ਮੰਤਰੀ ਖ਼ੁਦ ਇਸ ਕੰਮ ਲਈ ਫੀਲਡ ’ਚ ਉਤਰ ਸਕਦੇ ਹਨ।
ਇਸ ਦੇ ਸੰਕੇਤ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਵੱਲੋਂ ਸਾਰੀਆਂ ਨਗਰ ਨਿਗਮਾਂ ਨੂੰ ਜਾਰੀ ਕੀਤੀ ਗਈ ਚਿੱਠੀ ‘ਚ ਦੇਖਣ ਤੋਂ ਮਿਲਦੇ ਹਨ, ਜਿਸ ਵਿਚ ਉਨ੍ਹਾਂ ਪ੍ਰਾਜੈਕਟਾਂ ਦਾ ਬਿਉੂਰਾ ਦੇਣ ਲਈ ਕਿਹਾ ਗਿਆ ਹੈ, ਜਿਨ੍ਹਾਂ ਪ੍ਰਾਜੈਕਟਾਂ ਦਾ ਸੀਐਮ ਮਾਨ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਐਲਾਨ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਉਨ੍ਹਾਂ ਪ੍ਰਾਜੈਕਟਾਂ ਦੀ ਡਿਟੇਲ ਦੇਣ ਲਈ ਕਿਹਾ ਗਿਆ ਹੈ, ਜੋ ਉਦਘਾਟਨ ਦੀ ਸਟੇਜ ’ਤੇ ਪੁੱਜ ਗਏ ਹਨ। ਇਨ੍ਹਾਂ ਪ੍ਰਾਜੈਕਟਾਂ ’ਤੇ ਆਉਣ ਵਾਲੀ ਲਾਗਤ ਦੇ ਨਾਲ ਇਹ ਜਾਣਕਾਰੀ ਵੀ ਮੰਗੀ ਹੈ ਕਿ ਪ੍ਰਾਜੈਕਟ ਕਾਰਨ ਕਿੰਨੀ ਆਬਾਦੀ ਨੂੰ ਫਾਇਦਾ ਹੋਵੇਗਾ।
ਸਰਕਾਰ ਦੀ ਇਸ ਕਵਾਇਦ ਨੂੰ ਨਗਰ ਨਿਗਮ ਚੋਣਾਂ ਦੀ ਤਿਆਰੀ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਕਿਉਂਕਿ ਨਗਰ ਨਿਗਮ ਦੀ ਸੱਤਾ ’ਤੇ ਕਾਬਜ਼ ਕਾਂਗਰਸ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸ਼ੁਰੂ ਹੋਣ ਵਾਲੇ ਵਿਕਾਸ ਕੰਮਾਂ ਦਾ ਸਿਹਰਾ ਆਮ ਆਦਮੀ ਪਾਰਟੀ ਲੈਣਾ ਚਾਹੁੰਦੀ ਹੈ ਅਤੇ ਉਸ ਦੀ ਕਮਾਨ ਖ਼ੁਦ ਮੁੱਖ ਮੰਤਰੀ ਨੇ ਆਪਣੇ ਹੱਥਾਂ ’ਚ ਲੈ ਲਈ ਹੈ।