ਪੰਜਾਬ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਬਿਆਨ

ਲੋਕ ਸਭਾ ਮੈਂਬਰ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਆਪ ਵੱਲੋਂ ਸੀਐਮ ਚਿਹਰਾ ਐਲਾਨ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ। ਇਸ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਹੈ।
ਉਹਨਾਂ ਲਿਖਿਆ ਕਿ, “ਸਰ ਤੁਸੀਂ ਅਤੇ ਪੰਜਾਬ ਦੇ ਲੋਕਾਂ ਵੱਲੋਂ ਮੇਰੇ ‘ਤੇ ਜੋ ਭਰੋਸਾ ਅਤੇ ਵਿਸ਼ਵਾਸ ਕੀਤਾ ਹੈ, ਉਸ ਨੂੰ ਪੂਰਾ ਕਰਨ ਲਈ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਹਰ ਕਦਮ ਜੋ ਮੈਂ ਅੱਗੇ ਚੁੱਕਾਂਗਾ, ਤੁਹਾਨੂੰ ਅਤੇ 3 ਕਰੋੜ ਪੰਜਾਬੀਆਂ ਨੂੰ ਬਹੁਤ ਮਾਣ ਮਹਿਸੂਸ ਕਰੇਗਾ।” ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਐਲਾਨ ਕਰਦਿਆਂ ਕਿਹਾ ਕਿ 21 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ।

ਇਸ ਵਿੱਚ 93 ਫੀਸਦੀ ਲੋਕਾਂ ਨੇ ਭਗਵੰਤ ਮਾਨ ਦੇ ਹੱਕ ਵਿੱਚ ਵੋਟ ਪਾਈ ਹੈ ਜਦੋਂਕਿ ਦੋ ਫੀਸਦੀ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੋਟ ਪਾਈ। CM ਕੇਜਰੀਵਾਲ ਨੇ ਕਿਹਾ, ‘ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਆਪ’ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਜੀ ਹਨ। ਇਹ ਐਲਾਨ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਗਲੇ ਲਾ ਲਿਆ।
ਕੇਜਰੀਵਾਲ ਨੇ 13 ਜਨਵਰੀ ਨੂੰ ਪੰਜਾਬ ਦੇ ਲੋਕਾਂ ਨੂੰ ਆਪਣੇ ਪਸੰਦੀਦਾ ਮੁੱਖ ਮੰਤਰੀ ਉਮੀਦਵਾਰਾਂ ਦੇ ਨਾਮ ਸੁਝਾਉਣ ਲਈ ਕਿਹਾ ਸੀ ਤੇ ਇਸ ਉਦੇਸ਼ ਲਈ ਇੱਕ ਮੋਬਾਈਲ ਨੰਬਰ ਵੀ ਲਾਂਚ ਕੀਤਾ ਸੀ। ਇਸ ਆਧਾਰ ਉੱਪਰ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪਾਰਟੀ ਆਪ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ।
