ਪੰਜਾਬ ‘ਚ ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ, ਜ਼ਮੀਨੀ ਹਕੀਕਤ ਤੋਂ ਜਾਣੂ ਹੋਵੇ ਸਰਕਾਰ: ਹਰਸਿਮਰਤ ਬਾਦਲ

ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਮਾਨ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਫੇਲ੍ਹ ਹੋ ਚੁੱਕੀ ਹੈ ਕਿ ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ ਰਹੇ। ਲੁੱਟਾਂ-ਖੋਹਾਂ, ਡਕੈਤੀਆਂ, ਫਿਰੌਤੀਆਂ ਆਮ ਜਿਹੀ ਗੱਲ ਹੋ ਚੁੱਕੀ ਹੈ। ਉਹਨਾਂ ਨੇ ਇਸ ਗੱਲ ਵਿੱਚ ਲੁਟੇਰਿਆਂ ਵੱਲੋਂ ਪੁਲਿਸ ਮੁਲਾਜ਼ਮ ਦੇ ਕਤਲ ਦਾ ਜ਼ਿਕਰ ਕੀਤਾ ਹੈ।
ਉਹਨਾਂ ਕਿਹਾ ਕਿ, ਇਹਨਾਂ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਪਹਿਲਾਂ ਜਲੰਧਰ ਤੇ ਹੁਣ ਫਗਵਾੜਾ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਫੋਕੇ ਐਲਾਨਾਂ ਤੇ ਇਸ਼ਤਿਹਾਰਬਾਜ਼ੀ ਦੀ ਰਾਜਨੀਤੀ ਵਿਚੋਂ ਨਿਕਲ ਕੇ ਜ਼ਮੀਨੀ ਹਕੀਕਤ ਤੋਂ ਜਾਣੂ ਹੋਵੇ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਸਰਕਾਰ ਦੇ ਗ਼ਲਤ ਫ਼ੈਸਲਿਆਂ ਕਾਰਨ ਸੂਬੇ ਵਿੱਚ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੀਸੀਐਸ ਅਫ਼ਸਰਾਂ ਵੱਲੋਂ ਸਮੂਹਿਕ ਛੁੱਟੀ ਲੈਣ ਦੇ ਫ਼ੈਸਲੇ ਲਈ ਸਿੱਧੇ ਤੌਰ ਤੇ ‘ਆਪ’ ਸਰਕਾਰ ਜ਼ਿੰਮੇਵਾਰੀ ਹੈ। ਇਸ ਮੌਕੇ ਉਹਨਾਂ ਪੀਸੀਐਸ ਅਫ਼ਸਰ ਐਸੋਸੀਏਸ਼ਨ ਵੱਲੋਂ ਸਰਕਾਰ ਤੇ ਵਸੂਲੀਆਂ ਵਾਲਾ ਰਵੱਈਆ ਅਪਣਾਉਣ ਸਬੰਧੀ ਲਾਏ ਇਲਜ਼ਾਮਾਂ ਦੀ ਨਿਰਪੱਖ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।