ਪੰਜਾਬ ’ਚ ਸਸਤੀ ਹੋਵੇਗੀ ਬਿਜਲੀ! ਨਵੀਆਂ ਦਰਾਂ ਦਾ ਐਲਾਨ

ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਅੱਜ ਨਵੀਆਂ ਬਿਜਲੀ ਦਰਾਂ ਦਾ ਐਲਾਨ ਕਰਨ ਜਾ ਰਹੀ ਹੈ ਤੇ ਇਹਨਾਂ ਵਿੱਚ ਆਮ ਆਦਮੀ ਨੂੰ ਕੁਝ ਰਾਹਤ ਮਿਲਣ ਦੀ ਵੀ ਆਸ ਹੈ। ਜਾਣਕਾਰੀ ਮੁਤਾਬਕ ਆਮ ਖਪਤਕਾਰਾਂ ਨੂੰ ਬਿਜਲੀ ਦਰਾਂ ਵਿੱਚ 20 ਤੋਂ 25 ਫ਼ੀਸਦੀ ਰਾਹਤ ਮਿਲ ਸਕਦੀ ਹੈ। ਉਦਯੋਗਿਕ ਤੇ ਵਪਾਰਕ ਵਰਤੋਂਕਾਰਾਂ ਲਈ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

ਨਵੀਆਂ ਦਰਾਂ ਬੀਤੀ 1 ਅਪ੍ਰੈਲ ਤੋਂ ਸੂਬੇ ਵਿੱਚ ਲਾਗੂ ਹੋ ਜਾਣਗੀਆਂ। ਕਮਿਸ਼ਨ ਦੇ ਨਵੇਂ ਚੇਅਰਮੈਨ ਵਿਸ਼ਵਜੀਤ ਖੰਨਾ ਦੀ ਅਗਵਾਈ ਹੇਠ ਰਸਮੀ ਤੌਰ ਤੇ ਆਖਰੀ ਮੀਟਿੰਗ ਹੋਵੇਗੀ ਤੇ ਉਸ ਤੋਂ ਬਾਅਦ ਬਿਜਲੀ ਦਰਾਂ ਦਾ ਐਲਾਨ ਕੀਤਾ ਜਾਵੇਗਾ। ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 4.49 ਰੁਪਏ ਤੋਂ ਲੈ ਕੇ 7.30 ਰੁਪਏ ਪ੍ਰਤੀ ਯੂਨਿਟ ਹਨ।
ਉਦਯੋਗਿਕ ਖਪਤਕਾਰਾਂ ਲਈ ਇਹ ਦਰਾਂ 5.98 ਰੁਪਏ ਤੋਂ ਲੈ ਕੇ 6.41 ਰੁਪਏ ਪ੍ਰਤੀ ਯੂਨਿਟ ਹਨ ਤੇ ਵਪਾਰਕ ਖਪਤਕਾਰਾਂ ਲਈ 6 ਰੁਪਏ ਤੋਂ 7.29 ਰੁਪਏ ਪ੍ਰਤੀ ਯੂਨਿਟ ਹਨ। ਦੱਸ ਦਈਏ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਪੀਐਸਈਆਰਸੀ ਨੇ 300 ਯੂਨਿਟਾਂ ਤੱਕ ਬਿਜਲੀ ਖ਼ਰਚ ਕਰਨ ਵਾਲੇ ਘਰੇਲੂ ਖਪਤਕਾਰਾਂ ਲਈ ਦਰਾਂ 25 ਤੋਂ 50 ਪੈਸੇ ਪ੍ਰਤੀ ਯੂਨਿਟ ਘਟਾਈਆਂ ਸਨ।
ਇਸ ਸਾਲ ਵੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਪਹਿਲਾਂ ਅਪਣੀ ਸਾਲਾਨਾ ਆਮਦਨ ਆਵਸ਼ਕਤਾ ਮੁਤਾਬਕ ਬਿਜਲੀ ਦਰਾਂ ਵਿੱਚ 8 ਫ਼ੀਸਦੀ ਵਾਧੇ ਦਾ ਪ੍ਰਸਤਾਵ ਰੱਖਿਆ ਸੀ ਜੋ ਕਿ ਦਸੰਬਰ 2020 ਵਿੱਚ ਬਿਜਲੀ ਰੈਗੂਲੇਟਰ ਨੂੰ ਭੇਜਿਆ ਗਿਆ ਸੀ ਪਰ ਹੁਣ ਚੋਣ ਵਰ੍ਹੇ ਕਾਰਨ ਬਿਜਲੀ ਦਰਾਂ ਵਿੱਚ ਕਮੀ ਕੀਤੀ ਜਾ ਰਹੀ ਹੈ।
