ਪੰਜਾਬ ‘ਚ ਸਵਾਈਨ ਫਲੂ ਦੀ ਦਸਤਕ, ਪਟਿਆਲਾ ‘ਚ 300 ਤੋਂ ਵੱਧ ਸੂਰਾਂ ਦੀ ਮੌਤ

 ਪੰਜਾਬ ‘ਚ ਸਵਾਈਨ ਫਲੂ ਦੀ ਦਸਤਕ, ਪਟਿਆਲਾ ‘ਚ 300 ਤੋਂ ਵੱਧ ਸੂਰਾਂ ਦੀ ਮੌਤ

ਲੰਪੀ ਸਕਿਨ ਨਾਲ ਹੁਣ ਤੱਕ ਬਹੁਤ ਸਾਰੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਦੇ ਸੂਰਾਂ ਦੇ ਸੈਂਪਲਾਂ ਵਿੱਚ ਅਫਰੀਕਨ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਸਰਕਾਰ ਨੇ ਇਹਤਿਆਤ ਵਜੋਂ ਪੂਰੇ ਪੰਜਾਬ ਨੂੰ ਕੰਟਰੋਲਡ ਇਲਾਕਾ ਐਲਾਨ ਦਿੱਤਾ ਹੈ। ਸਰਕਾਰ ਨੇ ਸੂਰਾਂ ਜਾਂ ਕਿਸੇ ਵੀ ਸਬੰਧਤ ਸਮਾਨ ਤੇ ਅੰਤਰਰਾਜੀ ਆਵਾਜਾਈ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ।

ਪਟਿਆਲਾ-ਚੀਕਾ ਰੋਡ, ਪਿੰਡ ਬਿਲਾਸਪੁਰ ਅਤੇ ਸਨੌਰੀ ਅੱਡਾ ਦੇ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਕਾਰਨ ਵੱਡੀ ਗਿਣਤੀ ਵਿੱਚ ਸੂਰ ਮਾਰ ਰਹੇ ਹਨ। ਹੁਣ ਤੱਕ ਪਟਿਆਲਾ ਜ਼ਿਲ੍ਹੇ ਵਿੱਚ 300 ਤੋਂ ਵੱਧ ਸੂਰਾਂ ਦੀ ਮੌਤ ਹੋ ਚੁੱਕੀ ਹੈ। ਸੂਰਾਂ ਦੇ ਖੂਨ ਅਤੇ ਸਵੈਬ ਟੈਸਟ ਦੀ ਰਿਪੋਰਟ ਵਿੱਚ ਅਫ਼ਰੀਕਨ ਸਵਾਈਨ ਫਲੂ ਦਾ ਖੁਲਾਸਾ ਹੁੰਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ।

ਇਸ ਸਬੰਧੀ ਫੌਰੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਜ਼ਿਲ੍ਹੇ ਦੇ ਬਾਹਰੋਂ ਅਤੇ ਪਟਿਆਲਾ ਦੇ ਅੰਦਰੋਂ ਸੂਰਾਂ ਦੀ ਢੋਆ-ਢੁਆਈ ਤੇ ਪਾਬੰਦੀ ਲਾ ਦਿਤੀ ਗਈ। ਇਸ ਸਬੰਧੀ ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੁਣ ਤੱਕ ਪ੍ਰਾਪਤ ਰਿਪੋਰਟਾਂ ਮੁਤਾਬਕ ਅਫਰੀਕਨ ਸਵਾਈਨ ਫਲੂ ਦੀ ਬਿਮਾਰੀ ਕਾਰਨ ਮਨੁੱਖਾਂ ਨੂੰ ਕੋਈ ਖਤਰਾ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪਸ਼ੂ ਪਾਲਕਾਂ ਨੂੰ ਤੇਜ਼ ਬੁਖਾਰ, ਕੰਨਾਂ ਜਾਂ ਪੇਟ ਵਿੱਚ ਖੂਨ ਦੇ ਧੱਬੇ ਅਤੇ ਵੱਡੀ ਗਿਣਤੀ ਵਿੱਚ ਅਚਾਨਕ ਮੌਤ ਹੋਣ ਦੀ ਸੂਰਤ ਵਿੱਚ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

ਪਸ਼ੂ ਮਾਲਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ 0715-290225 ਵੀ ਜਾਰੀ ਕੀਤਾ ਗਿਆ ਹੈ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਬਿਮਾਰੀ ਪ੍ਰਭਾਵਿਤ ਖੇਤਰ ਤੋਂ ਬਾਹਰ ਸੂਰ ਪਾਲਣ ਦਾ ਧੰਦਾ ਕਰਨ ਵਾਲੇ ਲੋਕਾਂ ਤੇ ਪਾਬੰਦੀ ਲਾ ਦਿੱਤੀ ਹੈ। ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਕਿਸੇ ਵੀ ਜੀਵਿਤ ਜਾਂ ਮਰੇ ਹੋਏ ਸੂਰ, ਸੂਰ ਦਾ ਮਾਸ, ਸੂਰਾਂ ਦੀ ਫੀਡ, ਕਿਸੇ ਵੀ ਸੂਰ ਫਾਰਮ ਦੇ ਸਮਾਨ/ਮਸ਼ੀਨਰੀ ਨੂੰ ਪ੍ਰਭਾਵਿਤ ਖੇਤਰ ਤੋਂ ਬਾਹਰ ਜਾਂ ਬਾਹਰੀ ਖੇਤਰ ਤੋਂ ਪ੍ਰਭਾਵਿਤ ਖੇਤਰ ਵਿੱਚ ਲਿਜਾਣ ਦੀ ਵੀ ਮਨਾਹੀ ਹੋਵੇਗੀ।

ਪਸ਼ੂ ਪਾਲਣ ਵਿਭਾਗ ਵੱਲੋਂ ਪ੍ਰਭਾਵਿਤ ਖੇਤਰਾਂ ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਸੂਰਾਂ ਦੇ ਖੂਨ ਅਤੇ ਨੱਕ ਦੇ ਫੰਬੇ ਦੇ ਨਮੂਨੇ ਲਏ ਜਾ ਰਹੇ ਹਨ। ਪਟਿਆਲਾ ਵਿੱਚ ਅਫਰੀਕਨ ਸਵਾਈਨ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਵੱਲੋਂ ਪਾਬੰਦੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

Leave a Reply

Your email address will not be published.