ਪੰਜਾਬ ‘ਚ ਵਿਛੀ ਸੰਘਣੀ ਧੁੰਦ ਦੀ ਚਾਦਰ, ਵਿਜ਼ੀਬਿਲਟੀ ਹੋਈ ਜ਼ੀਰੋ, ਓਰੇਜ਼ ਅਲਰਟ ਹੋਇਆ ਜਾਰੀ

ਅੱਜ ਪੰਜਾਬ ਸੰਘਣੀ ਧੁੰਦ ਦੀ ਚਾਦਰ ਨਾਲ ਢੱਕਿਆ ਗਿਆ ਹੈ। ਇਸ ਦੇ ਨਾਲ ਹੀ ਹੁਣ ਵੀਜ਼ੀਬਿਲਟੀ ਵੀ ਜ਼ੀਰੋ ਹੋ ਗਈ ਹੈ। ਸੜਕਾਂ ਅਤੇ ਵਾਹਨਾਂ ਦੀ ਆਵਾਜਾਈ ਘੱਟ ਗਈ ਹੈ। ਪੈਦਲ ਚੱਲਣ ਵਾਲੇ ਵੀ ਅਣਗੌਲੇ ਨਜ਼ਰ ਆ ਰਹੇ ਹਨ। ਆਈਐਮਡੀ ਮੁਤਾਬਕ, ਅਜਿਹੀ ਧੁੰਦ ਅਗਲੇ ਤਿੰਨ ਘੰਟਿਆਂ ਤੱਕ ਰਹੇਗੀ। ਦਿੱਲੀ ਦਾ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਧੁੰਦ ਇਸੇ ਤਰ੍ਹਾਂ ਬਣੀ ਰਹੇਗੀ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਦਿੱਲੀ, ਯੂਪੀ, ਬਿਹਾਰ, ਪੰਜਾਬ ਵਿੱਚ ਸੰਘਣੀ ਧੁੰਦ ਦਾ ਓਰੇਜ਼ ਅਲਰਟ ਹੈ। ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਪੰਜਾਬ ਵਿੱਚ ਅੱਜ 20 ਦਸੰਬਰ ਨੂੰ ਸਵੇਰ ਤੋਂ ਹੀ ਸੰਘਣੀ ਧੁੰਦ ਹੀ ਚਾਦਰ ਛਾਈ ਹੋਈ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਲਈ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦਿੱਲੀ-ਐਨਸੀਆਰ ਵਿੱਚ ਸੰਘਣੀ ਧੁੰਦ ਕਾਰਨ ਕਈ ਥਾਵਾਂ ਤੇ ਵਿਜ਼ੀਬਿਲਟੀ 100 ਮੀਟਰ ਤੋਂ ਵੀ ਘੱਟ ਹੈ। ਰੋਪੜ ਵਿੱਚ ਮੌਸਮ ਦੀ ਪਹਿਲੀ ਸੰਘਣੀ ਧੁੰਦ ਨਜ਼ਰ ਆਈ ਹੈ। ਜੇ ਰੋਪੜ ਦੀ ਗੱਲ ਕੀਤੀ ਜਾਵੇ ਤਾਂ ਤੜਕੇ ਕਰੀਬ 4 ਵਜੇ ਤੋਂ ਧੁੰਦ ਦਾ ਡਿਗਣਾ ਸ਼ੁਰੂ ਹੋ ਗਿਆ ਸੀ।
5 ਵਜੇ ਤੱਕ ਧੁੰਦ ਸੰਘਣੀ ਹੋ ਗਈ ਸੀ ਅਤੇ ਸੜਕ ਤੇ ਗੱਡੀਆਂ ਦੀ ਰਫ਼ਤਾਰ ਤੇ ਬਰੇਕ ਲੱਗਦੀ ਨਜ਼ਰ ਆ ਰਹੀ ਸੀ। ਸੰਘਣੀ ਧੁੰਦ ਦਾ ਅਸਰ ਸਿੱਧਾ ਸੜਕੀ ਆਵਾਜਾਈ ਤੇ ਨਜ਼ਰ ਆ ਰਿਹਾ ਹੈ। ਇਸ ਸਮੇਂ 7 ਡਿਗਰੀ ਸੈਲਸੀਅਸ ਤਾਪਮਾਨ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਹੋਰ ਥੱਲੇ ਡਿਗਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਮੋਹਾਲੀ, ਸੰਗਰੂਰ, ਬਰਨਾਲਾ, ਅੰਮ੍ਰਿਤਸਰ, ਜਲੰਧਰ, ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਡ ਹੈ ਅਤੇ ਸੰਘਣੀ ਧੁੰਦ ਦੀ ਚਾਦਰ ਵਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਵੀ ਧੁੰਦ ਕਾਰਨ ਵਿਜੀਵਿਲੀਟੀ ਬਹੁਤ ਘੱਟ ਗਈ ਹੈ। ਸੁਰੱਖਿਆ ਦੇ ਲਿਹਾਜ ਨਾਲ ਵਾਹਨ ਚਾਲਕ ਵਾਹਨਾਂ ਦੇ ਇੰਡੀਕੇਟਰ ਚਲਾ ਕੇ ਗੱਡੀ ਚਲਾਉਣ ਨੂੰ ਮਜ਼ਬੂਰ ਹਨ।