ਪੰਜਾਬ ’ਚ ਵਾਪਰੀ ਵੱਡੀ ਵਾਰਦਾਤ, ਲੁਟੇਰਿਆਂ ਨੇ SHO ਦੇ ਗੰਨਮੈਨ ਦੀ ਲਈ ਜਾਨ

ਫਗਵਾੜਾ ਦੇ ਅਰਬਨ ਅਸਟੇਟ ਖੇਤਰ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਦੇ ਖੇਤਰ ਵਿੱਚ ਪਿਸਤੌਲ ਦਿਖਾ ਕੇ ਇਕ ਕਰੇਟਾ ਗੱਡੀ ਖੋਹ ਕੇ ਲਿਜਾਉਣ ਮਗਰੋਂ ਪਿੱਛਾ ਕਰ ਰਹੀ ਪੁਲਿਸ ਤੇ ਲੁਟੇਰਿਆਂ ਵਲੋਂ ਗੋਲੀ ਚਲਾਉਣ ਕਾਰਨ ਥਾਣਾ ਸਿਟੀ ਦੇ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਕਮਲਪ੍ਰੀਤ ਬਾਜਵਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰੇਟਾ ਕਾਰ ਡਰਾਈਵਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਫਗਵਾੜਾ ਦੇ ਅਰਬਨ ਅਸਟੇਟ ਇਲਾਕੇ ‘ਚ ਸਥਿਤ ਆਪਣੇ ਘਰ ਨੂੰ ਜਾ ਰਿਹਾ ਸੀ ਅਤੇ ਇਸੇ ਦੌਰਾਨ ਇਕ ਗੱਡੀ ‘ਚ ਸਵਾਰ ਚਾਰ ਨੌਜਵਾਨ ਆਏ ਜਿਨ੍ਹਾਂ ‘ਚੋਂ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਦੀ ਕਰੇਟਾ ਗੱਡੀ ਖੋਹ ਲਈ, ਜਿਸ ਦੀ ਸੂਚਨਾ ਉਨ੍ਹਾਂ ਪੁਲਿਸ ਨੂੰ ਦਿੱਤੀ।
ਇਸ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਲੁਟੇਰਿਆਂ ਦਾ ਜੀਪੀਆਰਐਸ ਦੀ ਮਦਦ ਨਾਲ ਪਿੱਛਾ ਕਰਨਾ ਸ਼ੁਰੂ ਕੀਤਾ, ਇਸ ਦੌਰਾਨ ਲੁਟੇਰੇ ਤੇ ਪੁਲਿਸ ਆਹਮੋ-ਸਾਹਮਣੇ ਹੋ ਗਏ ਤੇ ਲੁਟੇਰਿਆਂ ਵਲੋਂ ਕੀਤੀ ਗੋਲੀਬਾਰੀ ਕਾਰਨ ਇਕ ਗੋਲੀ ਪੁਲਿਸ ਮੁਲਾਜ਼ਮ ਕਮਲਪ੍ਰੀਤ ਸਿੰਘ ਦੇ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਜਦੋਂ ਉਸ ਨੂੰ ਇੱਥੋਂ ਦੇ ਨਿੱਜੀ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ, ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਵੱਲੋਂ ਪੁਲਸ ’ਤੇ ਫਾਇਰਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਸ ਨੇ ਗੱਡੀ ਬਰਾਮਦ ਕਰ ਲਈ ਹੈ ਅਤੇ ਲੁਟੇਰਿਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।