ਪੰਜਾਬ ’ਚ ਵਧੇ ਕੋਰੋਨਾ ਵਾਇਰਸ ਦੇ ਕੇਸ, ਸਿਹਤ ਮੰਤਰੀ ਨੇ ਸਖ਼ਤ ਹਦਾਇਤਾਂ ਕੀਤੀਆਂ ਜਾਰੀ

ਪੰਜਾਬ ਵਿੱਚ ਕੋਰੋਨਾ ਕੇਸ ਵਧਣੇ ਸ਼ੁਰੂ ਹੋ ਗਏ ਹਨ। ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਅਧਿਕਾਰੀਆਂ ਨਾਲ ਬੈਠਕ ਕਰਕੇ ਸਥਿਤੀ ਜਾ ਜਾਇਜ਼ਾ ਲਿਆ। ਇਸ ਤੋਂ ਬਾਅਦ ਸਿੰਗਲਾ ਨੇ ਲੋਕਾਂ ਨੂੰ ਮਾਸਕ ਪਾਉਣ ਤੇ ਭੀੜ ਵਾਲੀਆਂ ਥਾਵਾਂ ਤੇ ਨਾ ਜਾਣ ਲਈ ਕਿਹਾ ਹੈ। ਪੰਜਾਬ ਵਿੱਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ ਐਕਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ। ਮੰਗਲਵਾਰ ਨੂੰ 24 ਘੰਟਿਆਂ ਦੌਰਾਨ 21 ਨਵੇਂ ਮਰੀਜ਼ ਮਿਲੇ ਹਨ।
ਇਸ ਦੇ ਨਾਲ ਹੀ ਐਕਵਿਟ ਕੇਸ ਹੁਣ 100 ਦੇ ਨੇੜੇ ਹਨ। 19 ਅਪ੍ਰੈਲ ਨੂੰ ਕੋਰੋਨਾ ਦੇ ਸਭ ਤੋਂ ਵੱਧ 8 ਮਰੀਜ਼ ਲੁਧਿਆਣਾ ਅਤੇ 5 ਜਲੰਧਰ ਵਿੱਚ ਪਾਏ ਗਏ ਹਨ। ਹਾਲਾਂਕਿ ਇੱਥੇ ਪਾਜ਼ਿਟਿਵਿਟੀ ਦਰ 1% ਤੋਂ ਘੱਟ ਹੈ। ਮੁਹਾਲੀ ਵਿੱਚ 3, ਪਠਾਨਕੋਟ ਵਿੱਚ 2 ਤੇ ਬਰਨਾਲਾ, ਗੁਰਦਾਸਪੁਰ, ਪਟਿਆਲਾ ਵਿੱਚ 1-1 ਮਰੀਜ਼ ਪਾਇਆ ਗਿਆ ਹੈ। ਪਠਾਨਕੋਟ ਵਿੱਚ ਸਭ ਤੋਂ ਵੱਧ ਪਾਜ਼ੀਟਿਵਿਟੀ ਦਰ 4.55% ਪਾਈ ਗਈ ਹੈ।
ਮੰਗਲਵਾਰ ਨੂੰ ਪੰਜਾਬ ਵਿੱਚ ਰਾਜ ਦੀ ਪਾਜ਼ੀਟਿਵਿਟੀ ਦਰ 0.33% ਰਹੀ। ਪੰਜਾਬ ‘ਚ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 17,743 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੁੱਲ 7 ਲੱਖ 59 ਹਜ਼ਾਰ 304 ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 7 ਲੱਖ 41 ਹਜ਼ਾਰ 471 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਮੰਗਲਵਾਰ ਨੂੰ ਕੋਵਿਡ ਦੇ 8,516 ਨਮੂਨੇ ਲਏ ਗਏ ਸਨ। ਇਸ ਦੇ ਨਾਲ ਹੀ 6,324 ਨਮੂਨਿਆਂ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਨਵੇਂ ਮਰੀਜ਼ਾਂ ਤੇ ਪਾਜ਼ੀਟਿਵਿਟੀ ਦਰ ਚਿੰਤਾ ਦਾ ਵਿਸ਼ਾ ਨਹੀਂ ਹੈ ਪਰ ਸਾਵਧਾਨੀਆਂ ਵਤਰਣ ਦੀ ਲੋੜ ਹੈ।
