ਪੰਜਾਬ ’ਚ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ, ਤਪਦੀ ਗਰਮੀ ਤੋਂ ਮਿਲੀ ਕੁਝ ਰਾਹਤ

ਪੰਜਾਬ ਵਿੱਚ ਪਏ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਚੰਡੀਗੜ੍ਹ ਤੇ ਮੋਹਾਲੀ ਨਾਲ ਲੱਗਦੇ ਇਲਾਕਿਆਂ ਵਿੱਚ ਠੰਡੀਆਂ ਹਵਾਵਾਂ ਤੇ ਮੀਂਹ ਨੇ ਅੱਜ ਸਵੇਰੇ ਸ਼ਿਮਲੇ ਦਾ ਅਹਿਸਾਸ ਕਰਵਾਇਆ। ਮੌਸਮ ਵਿਭਾਗ ਮੁਤਾਬਕ ਐਤਵਾਰ ਦੇਰ ਰਾਤ ਪੰਜਾਬ ਵਿੱਚ ਮੀਂਹ ਪਿਆ। ਇਸ ਦੇ ਨਾਲ ਹੀ ਅੱਜ ਵੀ ਆਸਮਾਨ ਵਿੱਚ ਬੱਦਲ਼ ਛਾਏ ਹੋਏ ਹਨ। ਮੀਂਹ ਤੋਂ ਬਾਅਦ ਸਵੇਰੇ ਤਾਪਮਾਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ।

ਤਾਪਮਾਨ 30-31 ਡਿਗਰੀ ਸੈਲਸੀਅਸ ਤੋਂ ਸਿੱਧਾ 25 ਡਿਗਰੀ ਸੈਲਸੀਅਸ ਤੇ ਆ ਗਿਆ। ਮੌਸਮ ਵਿਭਾਗ ਮੁਤਾਬਕ ਅੱਜ ਦਿਨ ਭਰ ਆਸਮਾਨ ਵਿੱਚ ਬੱਦਲ਼ ਛਾਏ ਰਹਿਣਗੇ ਅਤੇ ਦੁਪਹਿਰ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੱਕ ਚਲਾ ਜਾਵੇਗਾ। ਮੀਂਹ ਕਾਰਨ ਤਾਪਮਾਨ 8 ਡਿਗਰੀ ਤੱਕ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਕੱਲ੍ਹ ਵੀ ਬੱਦਲ਼ਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਅਗੇਤੀ ਗਰਮੀ ਕਾਰਨ ਪਿਛਲੇ ਦਿਨਾਂ ਤੋਂ ਪਾਰਾ ਲਗਾਤਾਰ ਚੜ੍ਹ ਰਿਹਾ ਸੀ। ਇਸ ਦੌਰਾਨ ਪਾਰਾ 47 ਡਿਗਰੀ ਨੂੰ ਵੀ ਪਾਰ ਕਰ ਗਿਆ ਸੀ। ਭਾਰਤ ਦੇ ਮੌਸਮ ਵਿਭਾਗ (IMD) ਨੇ ਉੱਤਰੀ-ਪੱਛਮੀ ਅਤੇ ਪੂਰਬੀ ਭਾਰਤ ਵਿੱਚ 21 ਮਈ ਤੋਂ 24 ਮਈ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਅਤੇ 23 ਮਈ ਨੂੰ ਸਾਰਾ ਦਿਨ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ।
ਭਾਰਤੀ ਮੌਸਮ ਵਿਭਾਗ (IMD) ਨੇ ਉੱਤਰ-ਪੱਛਮੀ ਭਾਰਤ ਵਿੱਚ 23 ਅਤੇ 24 ਮਈ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਤੂਫਾਨ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।
ਆਈਐਮਡੀ ਨੇ ਕਿਹਾ ਸੀ ਕਿ ਅਗਲੇ ਪੰਜ ਦਿਨਾਂ ਤੱਕ ਬਿਹਾਰ, ਝਾਰਖੰਡ, ਗੰਗਾ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਅਲੱਗ-ਥਲੱਗ ਹਲਕੀ/ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ 22 ਤੋਂ 24 ਮਈ ਦਰਮਿਆਨ ਪੱਛਮੀ ਰਾਜਸਥਾਨ ਦੇ ਵੱਖ-ਵੱਖ ਸਥਾਨਾਂ ‘ਤੇ ਧੂੜ ਭਰੀ ਹਨੇਰੀ ਦੀ ਸੰਭਾਵਨਾ ਹੈ। ਵਿਭਾਗ ਨੇ ਪੱਛਮੀ ਰਾਜ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ।
