ਪੰਜਾਬ ‘ਚ ਨਿਵੇਸ਼ ਲਈ ਵੱਡੇ ਉਦਯੋਗਪਤੀਆਂ ਨੂੰ ਲੁਭਾਉਣ ਦੀ ਤਿਆਰੀ ‘ਚ ਮੁੱਖ ਮੰਤਰੀ ਮਾਨ, ਜਾਣਗੇ ਮੁੰਬਈ

 ਪੰਜਾਬ ‘ਚ ਨਿਵੇਸ਼ ਲਈ ਵੱਡੇ ਉਦਯੋਗਪਤੀਆਂ ਨੂੰ ਲੁਭਾਉਣ ਦੀ ਤਿਆਰੀ ‘ਚ ਮੁੱਖ ਮੰਤਰੀ ਮਾਨ, ਜਾਣਗੇ ਮੁੰਬਈ

ਮੁੱਖ ਮੰਤਰੀ ਭਗਵੰਤ ਮਾਨ ਮਹਾਰਾਸ਼ਟਰ ਦੇ ਵੱਡੇ ਉਦਯੋਗਪਤੀਆਂ ਨੂੰ ਲੁਭਾਉਣ ਲਈ 23 ਅਤੇ 24 ਜਨਵਰੀ ਨੂੰ 2 ਦਿਨਾਂ ਦੌਰੇ ’ਤੇ ਮੁੰਬਈ ਜਾ ਰਹੇ ਹਨ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਚੇਨਈ ਅਤੇ ਹੈਦਰਾਬਾਦ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਉਦਯੋਗ ਜਗਤ ਦੀਆਂ ਵੱਡੀਆਂ ਹਸਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਸੀ।

ਸੀਐਮ ਮਾਨ ਨੇ ਉਦਯੋਗਪਤੀਆਂ ਨੂੰ 23 ਜਨਵਰੀ ਨੂੰ ਮੁੰਬਈ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਹੈ। ਇਸ ਮੀਟਿੰਗ ਵਿੱਚ ਉਨ੍ਹਾਂ ਨੂੰ ਪੰਜਾਬ ’ਚ ਨਿਵੇਸ਼ ਕਰਨ ਲਈ ਕਿਹਾ ਜਾਵੇਗਾ। ਮੁੱਖ ਮੰਤਰੀ ਪੰਜਾਬ ਵਿੱਚ ਸਨਅਤੀ ਮਾਹੌਲ ਨੂੰ ਸੁਧਾਰਨਾ ਚਾਹੁੰਦੇ ਹਨ ਤਾਂ ਜੋ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਥੇ ਹੀ ਨੌਕਰੀਆਂ ਮਿਲ ਸਕਣ।

ਇਸ ਤੋਂ ਬਾਅਦ ਮੁੱਖ ਮੰਤਰੀ 28, 29 ਅਤੇ 30 ਜਨਵਰੀ ਨੂੰ ਓਡਿਸ਼ਾ ਦੇ ਦੌਰੇ ’ਤੇ ਜਾਣਗੇ ਜਿੱਥੇ ਉਹ ਚੱਲ ਰਹੇ ਵਿਸ਼ਵ ਹਾਕੀ ਕੱਪ ’ਚ ਭਾਰਤੀ ਖਿਡਾਰੀਆਂ ਦਾ ਮਨੋਬਲ ਵਧਾਉਣਗੇ। ਓਡਿਸ਼ਾ ਸਰਕਾਰ ਨੇ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸ਼ਵ ਹਾਕੀ ਕੱਪ ਲਈ ਆਪਣੇ ਸੂਬੇ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ।

ਮੁੱਖ ਮੰਤਰੀ ਮਹਾਰਾਸ਼ਟਰ ਦੇ ਉੱਦਮੀਆਂ ਨੂੰ ਪੰਜਾਬ ਵਿੱਚ ਸਰਕਾਰ ਵੱਲੋਂ ਨਿਵੇਸ਼ ਲਈ ਪੂਰੀਆਂ ਸਹੂਲਤਾਂ ਦੇਣ ਦਾ ਭਰੋਸਾ ਵੀ ਦੇਣਗੇ। ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਪੂੰਜੀ ਨਿਵੇਸ਼ ਕਰਨ ਵਾਲੀਆਂ ਸਨਅਤੀ ਇਕਾਈਆਂ ਨੂੰ ‘ਸਿੰਗਲ ਵਿੰਡੋ ਸਿਸਟਮ’ ਉਪਲਬਧ ਕਰਵਾਇਆ ਜਾਵੇਗਾ, ਜਿਸ ਤਹਿਤ ਉਦਯੋਗਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਕਲੀਅਰੈਂਸ ਲੈਣ ਦੀ ਲੋੜ ਨਹੀਂ ਪਵੇਗੀ।

ਇਸ ਸਬੰਧੀ ਮੁੱਖ ਮੰਤਰੀ ਵੱਲੋਂ ਉੱਦਮੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਸੂਬੇ ਦੇ ਉੱਦਮੀਆਂ ਦੇ ਨਾਲ ਹੀ ਬਾਹਰਲੇ ਉੱਦਮੀਆਂ ਨੂੰ ਵੀ ਨਿਵੇਸ਼ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *