ਪੰਜਾਬ ’ਚ ਕੌਣ ਹੋਵੇਗਾ AAP ਦਾ CM ਚਿਹਰਾ, ਕੇਜਰੀਵਾਲ ਨੇ ਦਿੱਤਾ ਜਵਾਬ

ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਹਨ। ਮੋਹਾਲੀ ਵਿੱਚ ਅੱਜ ਜਦੋਂ ਕੇਜਰੀਵਾਲ ਨੂੰ ਸਵਾਲ ਕੀਤਾ ਗਿਆ ਕਿ ਪੰਜਾਬ ਵਿੱਚ ਉਹਨਾਂ ਦੀ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ ਤਾਂ ਉਹਨਾਂ ਕਿਹਾ ਕਿ, “ਅਸੀਂ ਤੁਹਾਨੂੰ ਅਜਿਹਾ ਸੀਐਮ ਚਿਹਰਾ ਦੇਵਾਂਗੇ ਜਿਸ ’ਤੇ ਸਾਰਿਆਂ ਨੂੰ ਮਾਣ ਹੋਵੇਗਾ, ਪੰਜਾਬ ਨੂੰ ਮਾਣ ਹੋਵੇਗਾ।”

ਉਹਨਾਂ ਕਿਹਾ ਕਿ, “ਕੱਲ੍ਹ ਯਾਨੀ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।” ਪੰਜਾਬ ਵਿੱਚ ਮੌਜੂਦਾ ਘਟਨਾਕ੍ਰਮ ਤੇ ਉਹਨਾਂ ਕਿਹਾ ਕਿ, “ਇਸ ਸਮੇਂ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਬਣੀ ਹੋਈ ਹੈ। ਸੱਤਾ ਦੀ ਗੰਦੀ ਲੜਾਈ ਚੱਲ ਰਹੀ ਹੈ, ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੀਆਂ ਸਮੱਸਿਆਵਾਂ ਕਿੱਥੇ ਲੈ ਕੇ ਜਾਣ। ਇਹਨਾਂ ਲੋਕਾਂ ਨੇ ਸਰਕਾਰ ਦਾ ਤਮਾਸ਼ਾ ਬਣਾ ਦਿੱਤਾ ਹੈ।”
ਕੇਜਰੀਵਾਲ ਨੇ ਕਿਹਾ ਕਿ, “ਹੁਣ ਆਪ ਹੀ ਪੰਜਾਬ ਨੂੰ ਇਕ ਸਥਿਰ, ਚੰਗੀ ਅਤੇ ਇਮਾਨਦਾਰ ਸਰਕਾਰ ਦੇ ਸਕਦੀ ਹੈ। ਵਿਧਾਨ ਸਭਾ ਚੋਣਾਂ ਵਿੱਚ ਕੇਵਲ 4 ਮਹੀਨੇ ਬਾਕੀ ਹਨ।” ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, “ਬਰਗਾੜੀ ਮਾਮਲੇ ਕਾਰਨ ਪੰਜਾਬ ਦੇ ਲੋਕ ਖਫ਼ਾ ਹਨ। ਮਾਮਲੇ ਦਾ ਮਾਸਟਰਮਾਈਂਡ, ਕੌਣ ਹੈ ਇਸ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਹੈ।
ਮੁੱਖ ਮੰਤਰੀ ਚੰਨੀ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਪੜ੍ਹਨੀ ਚਾਹੀਦੀ ਹੈ, ਰਿਪੋਰਟ ਤੋਂ ਨਾਮਾਂ ਦਾ ਪਤਾ ਲੱਗ ਜਾਵੇਗਾ। ਉਹਨਾਂ ਨੂੰ 24 ਘੰਟਿਆਂ ਵਿੱਚ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ।” ਆਮ ਆਦਮੀ ਪਾਰਟੀ ਪੰਜਾਬ ਨੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਦੇ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇਣ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਕੁਰਸੀ ਦੀ ਲੜਾਈ ਵਿਚ ਕਾਂਗਰਸੀ ਆਗੂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
