ਪੰਜਾਬ ‘ਚ ਕੋਰੋਨਾ ਨੇ ਮੁੜ ਦਿੱਤੀ ਦਸਤਕ, ਸੰਗਰੂਰ, ਰੋਪੜ ਅਤੇ ਐੱਸਬੀਐੱਸ ਨਗਰ ‘ਚ 3 ਨਵੇਂ ਮਾਮਲੇ ਆਏ ਸਾਹਮਣੇ

ਕੋਰੋਨਾ ਨਾਲ ਨਜਿੱਠਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਈ ਸਮੀਖਿਆ ਮੀਟਿੰਗ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਟੈਸਟਿੰਗ ਵਿੱਚ ਮਾਮੂਲੀ ਸੁਧਾਰ ਹੋਇਆ ਹੈ। 23 ਦਸੰਬਰ ਨੂੰ ਸੂਬੇ ਵਿੱਚ ਤਿੰਨ ਨਵੇਂ ਮਰੀਜ਼ ਸਾਹਮਣੇ ਆਏ ਹਨ। ਰੋਪੜ ਤੋਂ 1, ਸੰਗਰੂਰ ਤੋਂ 1 ਅਤੇ ਐਸਬੀਐਸ ਨਗਰ ਤੋਂ 1 ਮਾਮਲਾ ਸਾਹਮਣੇ ਆਇਆ ਹੈ। 22 ਦਸੰਬਰ ਨੂੰ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 9 ਸੀ।
ਇਹਨਾਂ ਵਿਚੋਂ 3 ਮਰੀਜ਼ਾਂ ਨੂੰ ਅੰਮ੍ਰਿਤਸਰ, ਫਰੀਦਕੋਟ ਅਤੇ ਗੁਰਦਾਸਪੁਰ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਐਕਟਿਵ ਕੇਸਾਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ। 23 ਦਸੰਬਰ ਨੂੰ ਪੰਜਾਬ ਭਰ ਵਿੱਚ ਕੁੱਲ 3098 ਕੋਰੋਨਾ ਵਾਇਰਸ ਦੇ ਨਮੂਨੇ ਲਏ ਗਏ ਸਨ। ਇਹਨਾਂ ਵਿਚੋਂ 2973 ਕੋਰੋਨਾ ਟੈਸਟ ਕੀਤੇ ਗਏ ਸਨ। 23 ਦਸੰਬਰ ਤੱਕ, ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟਿੰਗ 50 ਤੋਂ ਘੱਟ ਰਹੀ ਹੈ।
ਸਭ ਤੋਂ ਘੱਟ ਕੋਵਿਡ ਟੈਸਟ ਫਾਜ਼ਿਲਕਾ ਵਿੱਚ 8 ਅਤੇ ਮਲੇਰਕੋਟਲਾ ਵਿੱਚ 12 ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਬਰਨਾਲਾ ਵਿੱਚ 42, ਫਰੀਦਕੋਟ ਵਿੱਚ 32, ਕਪੂਰਥਲਾ ਵਿੱਚ 28, ਮਾਨਸਾ ਵਿੱਚ 18, ਮੋਗਾ ਵਿੱਚ 30 ਅਤੇ ਮੁਕਤਸਰ ਵਿੱਚ 33 ਕੋਵਿਡ ਟੈਸਟ ਕੀਤੇ ਗਏ ਹਨ।
ਕੋਵਿਡ ਟੈਸਟਾਂ ਦੀ ਸਭ ਤੋਂ ਵੱਧ ਗਿਣਤੀ ਜਲੰਧਰ ਵਿੱਚ 551 ਅਤੇ ਰੋਪੜ ਵਿੱਚ 313 ਹੈ। ਇਨ੍ਹਾਂ ਤੋਂ ਇਲਾਵਾ ਬਠਿੰਡਾ ‘ਚ 139, ਅੰਮ੍ਰਿਤਸਰ ‘ਚ 243, ਫਿਰੋਜ਼ਪੁਰ ‘ਚ 67, ਤਰਨਤਾਰਨ ‘ਚ 282, ਸੰਗਰੂਰ ‘ਚ 108 ਫਤਿਹਗੜ੍ਹ ਸਾਹਿਬ ‘ਚ 105, ਗੁਰਦਾਸਪੁਰ ‘ਚ 103, ਪਟਿਆਲਾ ਵਿੱਚ 240, ਐੱਸ.ਬੀ.ਐੱਸ.ਨਗਰ ‘ਚ 111, ਹੁਸ਼ਿਆਰਪੁਰ ‘ਚ 158, ਲੁਧਿਆਣੇ ‘ਚ 820, ਅਤੇ ਐਸਏਐਸ ਨਗਰ ਵਿੱਚ 155 ਕੋਵਿਡ ਟੈਸਟ ਕੀਤੇ ਗਏ ਹਨ।