ਪੰਜਾਬ ’ਚ ਕਾਂਗਰਸ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਮਿਲੇਗੀ MSP: ਨਵਜੋਤ ਸਿੰਘ ਸਿੱਧੂ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ, ਜੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪਾਰਟੀ ਸੂਬੇ ਵਿੱਚ ਦਾਲਾਂ, ਦਾਲਾਂ ਤੇ ਮੱਕੀ ਦੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਕਾਨੂੰਨੀ ਹੱਕ ਦੇਵੇਗੀ। ਸੂਬੇ ਵਿੱਚ ਕੋਲਡ ਸਟੋਰਾਂ ਦੀ ਘਾਟ ਕਾਰਨ ਕਈ ਵਾਰ ਮਿਹਨਤ ਨਾਲ ਤਿਆਰ ਕੀਤਾ ਫ਼ਸਲ ਖ਼ਰਾਬ ਹੋ ਜਾਂਦੀ ਹੈ, ਜਿਸ ਨੂੰ ਮੁੱਖ ਰੱਖਦਿਆਂ ਸੂਬੇ ਦੇ 5-10 ਪਿੰਡਾਂ ਵਿੱਚ ਕੋਲਡ ਸਟੋਰ ਬਣਾਏ ਜਾਣਗੇ।

ਉਹਨਾਂ ਕਿਹਾ ਕਿ, “ਸੂਬੇ ਵਿੱਚ ਵੱਡੇ ਪੱਧਰ ਤੇ ਫੂਡ ਪ੍ਰੋਸੈਸਿੰਗ ਉਦਯੋਗ ਸਥਾਪਤ ਕੀਤੇ ਜਾਣਗੇ ਅਤੇ ਮਹਿੰਗਾਈ ਦਰ ਦੇ ਹਿਸਾਬ ਨਾਲ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇਗਾ। ਜੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ APMC ਮੰਡੀ ਦੇ ਪ੍ਰਧਾਨ ਦੀ ਚੋਣ ਕਰਵਾਈ ਜਾਵੇਗੀ।”
ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਦੇ ਐਲਾਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਧੂ ਨੇ ਕਿਹਾ, ”ਆਮ ਆਦਮੀ ਪਾਰਟੀ ਨੇ ਆਪਣਾ ਸੀਐਮ ਉਮੀਦਵਾਰ ਤੈਅ ਕਰ ਲਿਆ ਹੈ। ਮੈਂ ਇਸ ਲਈ ਭਗਵੰਤ ਮਾਨ ਨੂੰ ਵਧਾਈ ਦਿੰਦਾ ਹਾਂ। ਪਰ ਕਿਸੇ ਵੀ ਸੂਬੇ ਦੇ ਲੋਕ ਹੀ ਤੈਅ ਕਰਦੇ ਹਨ ਕਿ ਉਨ੍ਹਾਂ ਦਾ ਮੁੱਖ ਮੰਤਰੀ ਕੌਣ ਹੋਵੇਗਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਦਿੱਲੀ ਬਹੁਤ ਦੂਰ ਹੈ।”
ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਮੁੱਦਿਆਂ ‘ਤੇ ਹੀ ਚੋਣਾਂ ਲੜੇਗੀ। ਸਿੱਧੂ ਨੇ ਕਿਹਾ, ”ਸਾਡੀ ਹਾਈਕਮਾਂਡ ਬਹੁਤ ਸੂਝਵਾਨ ਹੈ। ਜੋ ਵੀ ਫੈਸਲਾ ਹੋਵੇਗਾ ਉਹ ਪੰਜਾਬ ਦੇ ਹੱਕ ਵਿੱਚ ਹੋਵੇਗਾ। ਮੈਨੂੰ ਯਕੀਨ ਹੈ ਕਿ ਸੂਬੇ ਦੇ ਲੋਕ ਪੰਜਾਬ ਮਾਡਲ ਨੂੰ ਹੀ ਵੋਟ ਦੇਣਗੇ। ਏਜੰਡਾ ਇੱਥੇ ਵੀ ਹੈ ਤੇ ਸਿੱਧੂ ਵੀ।”
ਦੱਸ ਦਈਏ ਕਿ ਕਾਂਗਰਸ ਵਲੋਂ ਪ੍ਰੈੱਸ ਵਾਰਤਾ ਦੌਰਾਨ ਜਿੱਥੇ ਕਿਸਾਨਾਂ ‘ਤੇ ਕਿਤਾਬ ਲਾਂਚ ਕੀਤੀ ਗਈ, ਉੱਥੇ ਹੀ ਇਸ ਮੌਕੇ ਕਿਤਾਬ ਬਹਾਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵੀ ਸਾਧਿਆ। ਇਸ ਮੌਕੇ ਰਣਦੀਪ ਸੁਰਜੇਵਾਲਾ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਸਿਰਫ਼ ਦਰਦ ਮਿਲਿਆ ਹੈ। ਰਣਦੀਪ ਸੁਰਜੇਵਾਲਾ ਦਾ ਕਹਿਣਾ ਸੀ ਕਿ ਇਨ੍ਹਾਂ ਦਾ ਡੀ.ਐਨ.ਏ. ਕਿਸਾਨ ਮਜ਼ਦੂਰ ਵਿਰੋਧੀ ਹੈ।
