ਪੰਜਾਬ ’ਚ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ (ਬਾਦਲ) ਦੀਆਂ ਵਧੀਆਂ ਮੁਸ਼ਕਿਲਾਂ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬਾਦਲ ਧੜੇ ਦੇ ਹੱਥੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਖੁੱਸ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਆਪਣੀ ਵੱਖਰੀ ਇਕਾਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਗਠਨ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਅਹੁਦੇਦਾਰ ਬਣਾਉਣੇ ਪੈਣਗੇ ਕਿਉਂ ਕਿ ਬਹੁਤੇ ਅਹੁਦੇਦਾਰ ਤੇ ਕਾਰਕੁਨ ਨਵੀਂ ਬਣੀ ਇਕਾਈ ਵਿੱਚ ਚਲੇ ਗਏ ਹਨ। ਬਾਦਲ ਧੜੇ ਦਾ ਰਕਾਬਗੰਜ ਸਥਿਤ ਦਫ਼ਤਰ ਵੀ ਹੁਣ ਇਸ ਨਵੇਂ ਦਲ ਦੇ ਕਬਜ਼ੇ ਹੇਠ ਆ ਗਿਆ ਹੈ। ਵੀਰਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਾਰਟੀ ਦੇ ਮੁੱਖ ਸਰਪ੍ਰਸਤ ਚੁਣੇ ਗਏ ਹਨ।
ਐਮਪੀਐਸ ਚੱਢਾ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ ਅਤੇ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਤੇ ਹਰਵਿੰਦਰ ਸਿੰਘ ਕੇਪੀ ਨੂੰ ਪਾਰਟੀ ਦਾ ਸਰਪ੍ਰਸਤ ਚੁਣਿਆ ਗਿਆ ਹੈ। ਪਾਰਟੀ ਦੀ ਕੋਰ ਕਮੇਟੀ ਸਮੇਤ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ 10 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਵੱਖਰੀ ਪਾਰਟੀ ਬਣਾ ਲੈਣ ਮਗਰੋਂ ਸੁਖਬੀਰ ਬਾਦਲ ਨੇ ਦਿੱਲੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਨੂੰ ਦਿੱਲੀ ਪ੍ਰਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ।
