ਪੰਜਾਬ ’ਚ ਇਸ ਦਿਨ ਸ਼ੁਰੂ ਹੋਵੇਗਾ ਸਰਕਾਰੀ ਸਕੂਲਾਂ ਦਾ ਨਵਾਂ ਵਿੱਦਿਅਕ ਸੈਸ਼ਨ

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਨਵਾਂ ਵਿੱਦਿਅਕ ਸੈਸ਼ਨ ਹਰ ਸਾਲ ਵਾਂਗ ਇਸ ਸਾਲ ਵੀ 1 ਅਪ੍ਰੈਲ ਤੋਂ ਹੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਦੀ ਮੰਗ ਅਤੇ ਸੁਝਾਵਾਂ ਦੇ ਮੁਤਾਬਕ ਲਏ ਫ਼ੈਸਲੇ ਅਨੁਸਾਰ ਨਾਨ-ਬੋਰਡ ਜਮਾਤਾਂ ਦਾ ਸਲਾਨਾ ਨਤੀਜਾ ਤਿਆਰ ਕੀਤਾ ਜਾਵੇਗਾ।

ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਨਵੇਂ ਸੈਸ਼ਨ ਦੀ ਪੜ੍ਹਾਈ 1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਵਿਭਾਗੀ ਸੂਤਰਾਂ ਮੁਤਾਬਕ ਸਰਕਾਰੀ ਸਕੂਲਾਂ ਦੀਆਂ ਨਾਨ-ਬੋਰਡ ਕਲਾਸਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਪੂਰੀਆਂ ਕਰਾਉਣ ਲਈ ਕੋਰੋਨਾ ਪਾਬੰਦੀਆਂ ਦੇ ਖ਼ਤਮ ਹੋਣ ਤਕ ਦੀ ਉਡੀਕ ਕਰਨ ਦੀ ਬਜਾਏ ਹੋ ਚੁੱਕੀਆਂ ਸਾਲਾਨਾ ਪ੍ਰੀਖਿਆਵਾਂ, ਸਾਲਾਨਾ ਪ੍ਰੀਖਿਆਵਾਂ ਨਾ ਹੋਣ ਵਾਲੇ ਵਿਸ਼ਿਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਅਤੇ ਪੰਜਾਬ ਅਚੀਵਮੈਂਟ ਸਰਵੇ ਦੀਆਂ ਪ੍ਰੀਖਿਆਵਾਂ ਨੂੰ ਆਧਾਰ ਮੰਨ ਕੇ ਵਿਦਿਆਰਥਾਂ ਦੇ ਸਾਲਾਨਾ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਉੱਥੇ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਚਰਨਜੀਤ ਸਿੰਘ ਨੇ ਦਸਿਆ ਕਿ ਨਾਨ-ਬੋਰਡ ਕਲਾਸਾਂ ਦੇ ਸਾਲਾਨਾ ਨਤੀਜਿਆਂ ਦੇ ਐਲਾਨਾਂ ਦੇ ਨਾਲ-ਨਾਲ ਨਵੇਂ ਸੈਸ਼ਨ ਦੀਆਂ ਪਾਠ ਪੁਸਤਕਾਂ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ।
