ਪੰਜਾਬ ’ਚ ਅੱਜ ਤੋਂ ਖੁੱਲ੍ਹਣਗੇ ਸਿਨੇਮਾ ਹਾਲ ਤੇ ਮਲਟੀਪਲੈਕਸ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਮੱਦੇਨਜ਼ਰ ਪਿਛਲੇ 7 ਮਹੀਨੇ ਤੋਂ ਬੰਦ ਪਏ ਸਿਨੇਮਾ ਹਾਲ, ਮਲਟੀਪਲੇਕਸ ਅਤੇ ਮਨੋਰੰਜਨ ਪਾਰਕਾਂ ਨੂੰ ਅੱਜ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੋਵਿਡ-19 ਅਨਲਾਕ ਵਿੱਚ ਸੁਧਾਰ ਨੂੰ ਦੇਖਦੇ ਹੋਏ ਸੂਬੇ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਸ਼ਨੀਵਾਰ ਨੂੰ ਸਾਰੇ ਡਿਵਿਜ਼ਨਲ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਇਹ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਅਪਣੇ ਸਾਰੇ ਸਰਕਾਰੀ ਵਿਭਾਗਾਂ ਵਿੱਚ 50 ਪ੍ਰਤੀਸ਼ਤ ਸਟਾਫ ਦੀ ਸ਼ਰਤ ਨੂੰ ਵੀ ਵਾਪਸ ਲੈ ਲਿਆ ਸੀ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਐਮਐਚਏ ਵੱਲੋਂ 30 ਸਤੰਬਰ ਨੂੰ ਜਿਹੜੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਉਹਨਾਂ ਨੂੰ 1 ਅਕਤੂਬਰ ਤੋਂ ਲਾਗੂ ਕਰ ਦਿੱਤਾ ਗਿਆ ਸੀ।
ਇਹਨਾਂ ਨਿਰਦੇਸ਼ਾਂ ਨੂੰ ਹੁਣ 30 ਨਵੰਬਰ ਤਕ ਵਧਾਇਆ ਗਿਆ ਹੈ ਜਿਸ ਮੁਤਾਬਕ 1 ਨਵੰਬਰ ਤੋਂ 30 ਨਵੰਬਰ ਦੌਰਾਨ ਕੰਟੇਨਮੈਂਟ ਜੋਨਾਂ ਦੇ ਬਾਹਰੀ ਇਲਾਕਿਆਂ ਵਿੱਚ ਸਿਨੇਮਾ ਹਾਲ ਅਤੇ ਮਲਟੀਪਲੇਕਸਕ ਉਹਨਾਂ ਦੀ 50 ਪ੍ਰਤੀਸ਼ਤ ਸੀਟਿੰਗ ਕੈਪੇਸਿਟੀ ਦੇ ਨਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਕੰਟੇਨਮੈਂਟ ਜੋਨਾਂ ਦੇ ਬਾਹਰੀ ਇਲਾਕਿਆਂ ਵਿੱਚ ਮਨੋਰੰਜਨ ਪਾਰਕ ਅਤੇ ਇਸ ਦੇ ਵਾਂਗ ਹੀ ਹੋਰ ਸਥਾਨਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
