ਪੰਜਾਬ, ਚੰਡੀਗੜ੍ਹ ਤੇ ਹਰਿਆਣਾ ’ਚ ਮੀਂਹ, ਗੁਆਂਢੀ ਸੂਬਿਆਂ ਵਿੱਚ ਵੀ ਵਧੀ ਠੰਡ

ਉੱਤਰ ਭਾਰਤ ਵਿੱਚ ਨਵੇਂ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਨਵੇਂ ਸਾਲ ਦੀ ਪਹਿਲੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ। ਹਿਮਾਚਲ, ਜੰਮੂ ਕਸ਼ਮੀਰ ਤੇ ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਸਕਦੀ ਹੈ। ਇਸ ਦਾ ਸਿੱਧਾ ਅਸਰ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲਦਾ ਹੈ।

ਖਾਸ ਕਰਕੇ ਪੰਜਾਬ ਤੇ ਰਾਜਧਾਨੀ ਚੰਡੀਗੜ੍ਹ ਤੇ ਇਸ ਦੇ ਗੁਆਂਢੀ ਸੂਬਿਆਂ ਵਿੱਚ ਠੰਡ ਨੇ ਜ਼ੋਰ ਵਧਾਇਆ ਹੈ। ਮੰਗਲਵਾਰ ਦੀ ਸਵੇਰ ਤੋਂ ਹੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਲਗਭਗ 80 ਫ਼ੀਸਦੀ ਇਲਾਕਿਆਂ ਵਿਚ ਮੀਂਹ ਪੈ ਰਿਹਾ ਹੈ। ਜਿਸ ਤੋਂ ਬਾਅਦ ਤਾਪਮਾਨ ਸਿੱਧਾ 5 ਡਿਗਰੀ ਹੇਠਾਂ ਡਿਗ ਗਿਆ।
ਮੰਗਲਵਾਰ ਨੂੰ ਪੰਜਾਬ `ਚ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਰਹਿਣ ਦੀ ਸੰਭਾਵਨਾ ਹੈ ਜਦਕਿ ਘੱਟੋ ਘੱਟ ਤਾਪਮਾਨ 5 ਡਿਗਰੀ ਰਹਿਣ ਦੀ ਸੰਭਾਵਨਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦੇ ਕਰੀਬ ਰਿਹਾ ਸੀ। ਜਦਕਿ ਘੱਟੋ-ਘੱਟ ਤਾਪਮਾਨ 10 ਡਿਗਰੀ ਰਿਕਾਰਡ ਕੀਤਾ ਗਿਆ ਸੀ। ਪਰ ਰਾਤ ਹੁੰਦੇ-ਹੁੰਦੇ ਅਸਮਾਨ ਵਿੱਚ ਬੱਦਲ਼ ਛਾ ਗਏ।
ਇਸ ਦੇ ਨਾਲ ਹੀ ਸੀਤ ਲਹਿਰ ਕਰਕੇ ਠੰਡ ਜ਼ਿਆਦਾ ਮਹਿਸੂਸ ਹੋਣ ਲੱਗੀ। ਮੌਸਮ ਕੇਂਦਰ ਅਨੁਸਾਰ ਮੈਦਾਨੀ ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ ਅਤੇ ਕਾਂਗੜਾ ਵਿੱਚ ਦੋ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੱਧ ਪਹਾੜੀ ਖੇਤਰਾਂ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ, ਚੰਬਾ ਅਤੇ ਉੱਚ ਪਹਾੜੀ ਖੇਤਰਾਂ ਕਿਨੌਰ ਅਤੇ ਲਾਹੌਲ-ਸਪੀਤੀ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਕਾਂਗੜਾ ‘ਚ ਧੌਲਾਧਾਰ ਚੋਟੀਆਂ ‘ਤੇ ਹਲਕੀ ਬਰਫਬਾਰੀ ਹੋਈ ਸੀ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਰਾਜ ਦੇ ਕਈ ਖੇਤਰਾਂ ਵਿੱਚ ਭਾਰੀ ਬਾਰਿਸ਼ ਅਤੇ ਬਰਫਬਾਰੀ ਲਈ ਇੱਕ ਪੀਲਾ ਅਲਰਟ ਜਾਰੀ ਕੀਤਾ ਹੈ। ਸੂਬੇ ‘ਚ 7 ਜਨਵਰੀ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।
